ਨਵੀਂ ਦਿੱਲੀ: ਕੇਰਲ ਦੇ ਦੱਖਣ-ਪੱਛਮ ’ਚ ਮੌਨਸੂਨ ਦੀ ਆਮਦ ਵਿੱਚ ਦੋ ਦਿਨਾਂ ਦੀ ਦੇਰੀ ਹੋ ਸਕਦੀ ਹੈ। ਹੁਣ ਇਸ ਦੇ ਸੂਬੇ ਦੇ ਸਮੁੰਦਰੀ ਕੰਢੇ ਨਾਲ ਆਉਂਦੀ 3 ਜੂਨ ਤੱਕ ਟਕਰਾਉਣ ਦੇ ਆਸਾਰ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। ਉਂਝ ਮੌਸਮ ਦਾ ਅਗਾਊਂ ਹਾਲ ਦੱਸਣ ਵਾਲੀ ਇੱਕ ਨਿਜੀ ਏਜੰਸੀ ‘ਸਕਾਈਮੈੱਟ ਵੈਦਰ’ ਨੇ ਕਿਹਾ ਕਿ ਮੌਨਸੂਨ ਤਾਂ ਕੇਰਲ ਵਿੱਚ ਦਸਤਕ ਦੇ ਵੀ ਚੁੱਕੀ ਹੈ।



 
‘ਸਕਾਈਮੈੱਟ ਵੈਦਰ’ ਦੇ ਚੇਅਰਮੈਨ (ਮੌਸਮ ਵਿਗਿਆਨ) ਜੀਪੀ ਸ਼ਰਮਾ ਨੇ ਕਿਹਾ ਕਿ ਇਸ ਵਰ੍ਹੇ ਮੌਸਮ ਦੀ ਸ਼ੁਰੂਆਤ ਬਹੁਤ ਕਮਜ਼ੋਰ ਹੈ। ਦੱਸ ਦੇਈਏ ਕਿ ‘ਸਕਾਈਮੈੱਟ ਵੈਦਰ’ ਨੇ ਪੂਰਵ ਅਨੁਮਾਨ ਲਾਇਆ ਸੀ ਕਿ ਮੌਨਸੂਨ ਕੇਰਲ ’ਚ 30 ਮਈ ਨੂੰ ਦਸਤਕ ਦੇਵੇਗੀ।

 

ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐੱਮ. ਮਹਾਪਾਤਰਾ ਨੇ ਕਿਹਾ ਕਿ ਕਰਨਾਟਕ ਦੇ ਸਮੁੰਦਰੀ ਕੰਢਿਆਂ ਵਾਲੇ ਇਲਾਕੇ ’ਚ ਚੱਕਰਵਾਤੀ ਤੂਫ਼ਾਨ ਕਾਰਣ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਵਿੱਚ ਰੁਕਾਵਟ ਪਈ ਹੈ। ਵਿਭਾਗ ਨੇ ਅੱਗੇ ਕਿਹਾ ਕਿ ਇੱਕ ਜੂਨ ਤੋਂ ਦੱਖਣ-ਪੱਛਮੀ ਹਵਾਵਾਂ ਹੌਲੀ-ਹੌਲੀ ਜ਼ੋਰ ਫੜ ਸਕਦੀਆਂ ਹਨ, ਜਿਸ ਦੇ ਚੱਲਦਿਆਂ ਕੇਰਲ ’ਚ ਮੀਂਹ ਸਬੰਧੀ ਗਤੀਵਿਧੀ ’ਚ ਤੇਜ਼ੀ ਆ ਸਕਦੀ ਹੈ। ਇਸ ਲਈ ਕੇਰਲ ’ਚ ਆਉਂਦੀ ਤਿੰਨ ਜੂਨ ਦੇ ਨੇੜੇ-ਤੇੜੇ ਮੌਨਸੂਨ ਦੀ ਸ਼ੁਰੂਆਤ ਹੋਣ ਦੀਆਸ ਹੈ।

 

ਕੇਰਲ ’ਚ ਆਮ ਤੌਰ ਉੱਤੇ 1 ਜੂਨ ਨੂੰ ਮੌਨਸੂਨ ਆਉਂਦੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਚਾਰ ਮਹੀਨਿਆਂ ਤੱਕ ਚੱਲਣ ਵਾਲੀ ਵਰਖਾ ਰੁੱਤ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ। ਮੌਸਮ ਵਿਭਾਗ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕੇਰਲ ’ਚ 31 ਮਈ ਨੂੰ ਮੌਨਸੂਨ ਦੇ ਆਉਣ ਦੀ ਗੱਲ ਕੀਤੀ ਸੀ।

 

IMD ਅਨੁਸਾਰ ਕੇਰਲ ਉੱਤੇ ਦੱਖਣ-ਪੱਛਮੀ ਮੌਨਸੂਨ ਦੀ ਸ਼ੁਰੂਆਤ ਤਿੰਨ ਮਾਪਦੰਡਾਂ ’ਤੇ ਨਿਰਭਰ ਕਰਦੀ ਹੈ। ਜੇ 10 ਮਈ ਤੋਂ ਬਾਅਦ 14 ਸਟੇਸ਼ਨਾਂ, ਮਿਨੀਕੌਇ, ਅਮਿਨੀ, ਤਿਰੂਵਨੰਥਾਪੁਰਮ, ਪੁਨਾਲੂਰ, ਕੋੱਲਮ, ਅਲਪੁਜ਼ਾ, ਕੋਟਾਯਮ, ਕੋਚੀ, ਤ੍ਰਿਸੁਰ, ਕੋਜ਼ੀਕੋਡ, ਥਾਲਾਸੇਰੀ, ਕੰਨੂਰ, ਕੁਡੁਲੂ ਤੇ ਮੈਂਗਲੋਰ ਵਿੱਚੋਂ 60 ਫ਼ੀਸਦੀ ’ਚ ਲਗਾਤਾਰ ਦੋ ਦਿਨ 2.5 ਮਿਲੀਮੀਟਰ ਜਾਂ ਉਸ ਤੋਂ ਵੱਧ ਮੀਂਹ ਪੈਂਦਾ ਹੈ, ਤਾਂ ਦੂਜੇ ਦਿਨ ਕੇਰਲ ’ਚ ਮੌਨਸੂਨ ਦੀ ਸ਼ੁਰੂਆਤ ਦਾ ਐਲਾਨ ਹੋ ਜਾਂਦਾ ਹੈ; ਬਸ਼ਰਤੇ ਦੋ ਹੋਰ ਮਾਪਦੰਡ ਵੀ ਨਾਲ ਹੋਣ।

 

ਜੀਪੀ ਸ਼ਰਮਾ ਨੇ ਕਿਹਾ ਕਿ ਕੇਰਲ ’ਚ ਦੱਖਣ-ਪੱਛਮੀ ਮੌਨਸੂਨ ਦੀ ਸ਼ੁਰੂਆਤ ਦੇ ਐਲਾਨ ਲਈ IMD ਦੇ ਸਾਰੇ ਮਾਪਦੰਡ ਪੂਰੇ ਹੋ ਗਏ ਹਨ। ਪੱਛਮੀ ਹਵਾਵਾਂ ਦੀ ਡੂੰਘਾਈ ਓਨੀ ਨਹੀਂ, ਜਿੰਨੀ ਕਿ ਆਸ ਹੈ। ਮੀਂਹ ਦੇ ਮਾਪਦੰਡ ਕੇਰਲ ’ਚ ਮੌਨਸੂਨ ਦੀ ਸ਼ੁਰੂਆਤ ਦਾ ਐਲਾਨ ਕਰਨ ਲਈ ਅਧੂਰੇ ਹਨ। ਇਸ ਵਰ੍ਹੇ ਮੌਨਸੂਨ ਆਮ ਵਰਗੀ ਰਹਿਣ ਦੀ ਆਸ ਹੈ।