ਚੰਡੀਗੜ੍ਹ : ਮਾਲਵੇ 'ਚ ਪਏ ਮੀਂਹ ਕਾਰਨ ਕਣਕ ਦੀ ਬਿਜਾਈ ਪੱਛੜਨ ਦੀ ਸੰਭਾਵਨਾ ਹੈ। ਭਾਵੇਂ ਮੀਂਹ ਕਾਰਨ ਪਰਾਲੀ ਦੇ ਧੂੰਏ ਤੇ ਧੁੰਦ ਤੋਂ ਵੱਡੀ ਰਾਹਤ ਮਿਲੀ ਹੈ ਪਰ ਮੀਂਹ ਕਾਰਨ ਜਿੱਥੇ ਬੀਜੀ ਕਣਕ ਕਰੰਡ ਹੋ ਗਈ ਹੈ, ਉਥੇ ਹੀ ਫ਼ਸਲ ਦੀ ਬਿਜਾਈ ਸਮੇਂ ਸਿਰ ਨਹੀਂ ਹੋ ਸਕੇਗੀ। ਖੇਤਾਂ 'ਚ ਪਈ ਪਰਾਲੀ ਗਿੱਲੀ ਹੋਣ ਕਾਰਨ ਇਸ ਨੂੰ ਛੇਤੀ ਕਿਤੇ ਅੱਗ ਨਹੀਂ ਲੱਗੇਗੀ ਜਿਸ ਕਾਰਨ ਹੁਣ ਕਿਸਾਨਾਂ ਨੂੰ ਪਰਾਲੀ ਇਕੱਠੀ ਕਰ ਕੇ ਖੇਤਾਂ 'ਚੋਂ ਬਾਹਰ ਕੱਢਣੀ ਪਵੇਗੀ। ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ 'ਚ ਪਿਛਲੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜਿਸ ਕਾਰਨ ਜ਼ਮੀਨਾਂ 'ਚ ਪਾਣੀ ਜਮ੍ਹਾਂ ਹੋ ਗਿਆ। ਕਣਕ ਦੀ ਬਿਜਾਈ ਲਈ ਜ਼ਮੀਨਾਂ ਨੂੰ ਵੱਤਰ ਆਉਣ ਤਕ ਕਰੀਬ 15 ਤੋਂ 20 ਦਿਨ ਦਾ ਸਮਾਂ ਲੱਗੇਗਾ, ਜਿਸ ਕਾਰਨ ਬਿਜਾਈ ਲੇਟ ਹੋ ਜਾਵੇਗੀ। ਫ਼ਸਲ ਦੀ ਬਿਜਾਈ ਪਛੇਤੀ ਹੋਣ ਕਾਰਨ ਕਣਕ ਦੇ ਝਾੜ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।


ਜ਼ਿਲ੍ਹੇ 'ਚ 40 ਫ਼ੀਸਦੀ ਰਕਬੇ 'ਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਗੁਰਾਂਦਿੱਤਾ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਕਣਕ ਹੇਠ ਰਕਬਾ 2.55 ਲੱਖ ਹੈਕਟੇਅਰ ਹੈ। ਕਣਕ ਦੀ ਬਿਜਾਈ ਦਾ ਸਹੀ ਸਮਾਂ 1 ਤੋਂ 25 ਨਵੰਬਰ ਤਕ ਹੈ। ਮੀਂਹ ਕਾਰਨ ਕਣਕ ਦੀ ਬਿਜਾਈ ਪੱਛੜ ਸਕਦੀ ਹੈ। ਉਨ੍ਹਾਂ ਮੀਂਹ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਹੋਣ ਤੋਂ ਇਨਕਾਰ ਕੀਤਾ।

ਖੇਤੀ ਮਾਹਰ ਡਾ. ਬਲਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਮੀਂਹ ਕਾਰਨ ਕਣਕ ਦੀ ਬਿਜਾਈ ਪੱਛੜ ਜਾਵੇਗੀ ਜਿਸ ਕਾਰਨ ਝਾੜ 'ਤੇ ਅਸਰ ਪੈਣਾ ਸੁਭਾਵਿਕ ਹੀ ਹੈ। ਇਕ ਹਫ਼ਤਾ ਲੇਟ ਬਿਜਾਈ ਕਾਰਨ ਕਰੀਬ ਦੋ ਕੁਇੰਟਲ ਦੇ ਕਰੀਬ ਕਣਕ ਦਾ ਝਾੜ ਘਟ ਜਾਂਦਾ ਹੈ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲੀ ਦੇ ਕਿਸਾਨ ਸਵਰਨ ਸਿੰਘ ਦਾ ਕਹਿਣਾ ਸੀ ਕਿ ਮੀਂਹ ਕਾਰਨ ਕੁਝ ਦਿਨ ਪਹਿਲਾਂ ਬੀਜੀ ਕਣਕ ਦੀ ਫ਼ਸਲ ਕਰੰਡ ਹੋ ਗਈ ਹੈ। ਬਹੁਤੇ ਕਿਸਾਨਾਂ ਨੂੰ ਦੁਬਾਰਾ ਕਣਕ ਬੀਜਣੀ ਪਵੇਗੀ। ਕਿਸਾਨ ਪਰਾਲੀ ਸੁੱਕਣ ਦਾ ਇੰਤਜਾਰ ਕਰ ਰਹੇ ਸਨ ਪਰ ਮੀਂਹ ਪੈ ਗਿਆ। ਹੁਣ ਮਜ਼ਬੂਰਨ ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚੋਂ ਬਾਹਰ ਕੱਢਣੀ ਪਵੇਗੀ ਜਿਸ ਨਾਲ ਉਨ੍ਹਾਂ 'ਤੇ ਵਾਧੂ ਆਰਥਿਕ ਬੋਝ ਪਵੇਗਾ।

ਪਿੰਡ ਰਾਮਾਂ ਦੇ ਕਿਸਾਨ ਸਰੂਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬਿਜਾਈ ਲੇਟ ਹੋਣ ਕਾਰਨ ਕਣਕ ਦੀ ਫ਼ਸਲ ਦੇ ਝਾੜ 'ਤੇ ਕਾਫੀ ਅਸਰ ਪੈ ਸਕਦਾ ਹੈ। ਕਣਕ ਦਾ ਚੰਗਾ ਝਾੜ ਪ੫ਾਪਤ ਕਰਨ ਲਈ ਇਸ ਦੀ ਬਿਜਾਈ 15 ਨਵੰਬਰ ਤਕ ਹੋਣੀ ਚਾਹੀਦੀ ਹੈ ਪਰ ਮੌਸਮ ਤੋਂ ਲੱਗਦਾ ਹੈ ਕਿ ਕਣਕ ਦੀ ਬਿਜਾਈ ਦਸੰਬਰ ਮਹੀਨੇ ਤਕ ਹੋਵੇਗੀ।