ਚੰਡੀਗੜ੍ਹ: ਪੰਜਾਬ ਸਰਕਾਰ ਤੇ ਸੂਬੇ ਦੇ ਕਿਸਾਨਾਂ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਅਗਲੇ ਮਹੀਨੇ ਆ ਰਹੀ ਹੈ। ਕਣਕ ਦੀ ਫਸਲ ਪੱਕਣ ਲੱਗੀ ਹੈ ਤੇ ਅਪਰੈਲ ਦੇ ਪਹਿਲੇ ਹਫਤੇ ਵਾਢੀ ਲਈ ਤਿਆਰ ਹੋ ਜਾਏਗੀ। ਕਿਸਾਨਾਂ ਨੂੰ ਫਿਕਰ ਹੈ ਕਿ ਕਰਫਿਊ ਦੌਰਾਨ ਉਹ ਫਸਲ ਨੂੰ ਕਿਵੇਂ ਸੰਭਾਲਣਗੇ। ਇਸ ਤੋਂ ਇਲਾਵਾ ਮੰਡੀਆਂ ਵਿੱਚ ਕਿਵੇਂ ਵੇਚਣਗੇ ਕਿਉਂਕਿ ਸਰਕਾਰ ਨੇ ਅਜੇ ਤੱਕ ਇਸ ਬਾਰੇ ਕੋਈ ਪ੍ਰਬੰਧ ਨਹੀਂ ਕੀਤਾ।


ਇਸ ਤੋਂ ਇਲਾਵਾ ਸਭ ਤੋਂ ਵੱਡੀ ਸਮੱਸਿਆ ਮਜ਼ਦੂਰਾਂ ਦੀ ਆਏਗੀ। ਕਣਕ ਦੀ ਵਾਢੀ ਤੋਂ ਇਲਾਵਾ ਮੰਡੀਆਂ ਵਿੱਚ ਮਜ਼ਦੂਰਾਂ ਦੀ ਵੱਡੀ ਲੋੜ ਪੈਂਦੀ ਹੈ। ਦੇਸ਼ ਭਰ ਵਿੱਚ ਲੌਕਡਾਊਨ ਹੋਣ ਕਰਕੇ ਇਸ ਵਾਰ ਦੂਜੇ ਸੂਬਿਆਂ ਵਿੱਚੋਂ ਮਜ਼ਦੂਰ ਨਹੀਂ ਆ ਸਕਣਗੇ। ਉਲਟਾ ਪੰਜਾਬ ਵਿੱਚ ਫਸੇ ਮਜ਼ਦੂਰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਘਰ ਪਰਤਣਾ ਚਾਹੁੰਦੇ ਹਨ। ਇਹ ਸੋਚ ਕੇ ਕਿਸਾਨ ਬੇਹੱਦ ਫਿਕਰਮੰਦ ਹਨ ਪਰ ਸਰਕਾਰ ਕੋਲ ਅਜੇ ਇਸ ਵੱਲ ਧਿਆਨ ਦੇਣ ਲਈ ਟਾਈਮ ਨਹੀਂ।

ਦੱਸ ਦਈਏ ਕਿ ਸੂਬੇ ਦੀ 35 ਲੱਖ ਹੈਕਟੇਅਰ ਜ਼ਮੀਨ ਵਿੱਚ ਕਣਕ ਬੀਜੀ ਗਈ ਹੈ। ਸੂਬੇ ਵਿੱਚ ਹਰ ਸਾਲ 170 ਤੋਂ 180 ਲੱਖ ਟਨ ਕਣਕ ਦੀ ਪੈਦਾਵਾਰ ਹੁੰਦੀ ਹੈ। ਇਸ ਵਿੱਚੋਂ 20 ਫ਼ੀਸਦੀ ਕਣਕ ਦੀ ਖਪਤ ਸੂਬੇ ਵਿੱਚ ਹੁੰਦੀ ਹੈ। ਬਾਕੀ 80 ਫ਼ੀਸਦੀ ਕਣਕ ਵੱਖ-ਵੱਖ ਏਜੰਸੀਆਂ ਰਾਹੀਂ ਦੇਸ਼ ਦੇ ਬਾਕੀ ਸੂਬਿਆਂ ਵਿੱਚ ਜਾਂਦੀ ਹੈ। ਇਸ ਲਈ ਕਣਕ ਨੂੰ ਸਾਂਭਣਾ ਜਿੱਥੇ ਕਿਸਾਨਾਂ ਲਈ ਵੱਡਾ ਕੰਮ ਹੈ, ਉੱਥੇ ਹੀ ਸਰਕਾਰ ਨੂੰ ਵੀ ਕਾਫੀ ਪ੍ਰਬੰਧ ਕਰਨੇ ਪੈਂਦੇ ਹਨ।

ਇਸ ਬਾਰੇ ਸਰਕਾਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਕਾਰਨ ਪ੍ਰੇਸ਼ਾਨੀ ਜ਼ਰੂਰ ਹੈ। ਇਸ ਮੁੱਦੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚਰਚਾ ਕੀਤੀ ਜਾਵੇਗੀ। ਕੇਂਦਰ ਸਰਕਾਰ ਨਾਲ ਗੱਲ ਕਰਕੇ ਯੋਜਨਾ ਤਿਆਰ ਕੀਤੀ ਜਾਵੇਗੀ ਕਿ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਸਿਰਫ ਹਫਤਾ ਰਹਿ ਗਿਆ ਹੈ ਪਰ ਅਜੇ ਤੱਕ ਸਰਕਾਰ ਨੇ ਕੋਈ ਯੋਜਨਾ ਨਹੀਂ ਉਲੀਕੀ।

ਉਧਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਪੀਏਯੂ ਨੇ ਕਿਸਾਨਾਂ ਦੀਆਂ ਫ਼ਸਲਾਂ ਦੀ ਸੁਰੱਖਿਆ ਲਈ ਪੂਰੀ ਤਿਆਰੀ ਕਰ ਲਈ ਹੈ। ਪੀਏਯੂ ਦੇ ਮਾਹਿਰਾਂ ਦੀ ਟੀਮ ਸੂਬੇ ਦੇ ਕਿਸਾਨਾਂ ਨੂੰ ਹੁਣ ਤੋਂ ਵਾਢੀ ਤੱਕ ਸਾਰੀਆਂ ਹਦਾਇਤਾਂ ਸਮੇਂ ਸਮੇਂ ਸਿਰ ਜਾਰੀ ਕਰੇਗੀ ਤਾਂ ਕਿ ਕਿਸਾਨਾਂ ’ਤੇ ਕਰੋਨਾਵਾਇਰਸ ਦਾ ਕੋਈ ਅਸਰ ਨਾ ਹੋਵੇ।