ਚੰਡੀਗੜ੍ਹ: ਕੋਰੋਨਾ ਦੇ ਕਹਿਰ 'ਚ ਇਸ ਵਾਰ ਕਣਕ ਦੀ ਖਰੀਦ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਸਾਰਾ ਪਲੈਨ ਐਲਾਨ ਦਿੱਤਾ ਹੈ। 10 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖ਼ਰੀਦ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨਾਂ ਦੀ ਸਹੂਲਤ ਤੇ ਕੋਰੋਨਾ ਕਰਕੇ ਖ਼ਰੀਦ ਕੇਂਦਰਾਂ ਦੀ ਗਿਣਤੀ ਇਸ ਵਾਰ 1,872 ਤੋਂ ਵਧਾ ਕੇ 4,000 ਕਰ ਦਿੱਤੀ ਗਈ ਹੈ।



ਕਣਕ ਦੀ ਖ਼ਰੀਦ ਦਾ ਮੁੱਲ 1,975 ਰੁਪਏ ਤੈਅ ਕਰ ਦਿੱਤਾ ਗਿਆ ਹੈ। ਇਸ ਵਾਰ ਰਬੀ ਦੇ ਸੀਜ਼ਨ ’ਚ 130 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਹੋਣ ਦੀ ਸੰਭਾਵਨਾ ਹੈ। ਸਾਰੇ ਕੇਂਦਰਾਂ ’ਤੇ 31 ਮਈ ਤੱਕ ਕਣਕ ਦੀ ਖ਼ਰੀਦ ਕੀਤੀ ਜਾਵੇਗੀ।

 
ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਭਾਰਤ ਸਰਕਾਰ ਵੱਲੋਂ ਕਣਕ ਦਾ ਤੈਅ ਘੱਟੋ-ਘੱਟ ਸਮਰਥਨ ਮੁੱਲ (MSP) 1,975 ਰੁਪਏ ਕੀਤਾ ਗਿਆ ਹੈ ਤੇ ਸਮੂਹ ਖ਼ਰੀਦ ਏਜੰਸੀਆਂ ਸਮੇਤ FCI (ਭਾਰਤੀ ਖ਼ੁਰਾਕ ਨਿਗਮ) ਕਣਕ ਦੀ ਖ਼ਰੀਦ ਕਰਨਗੀਆਂ।

ਰਾਜ ਦੇ ਖੇਤੀ ਤੇ ਕਿਸਾਨ ਕਲਿਆਣ ਵਿਭਾਗ ਨੂੰ ਸੂਬੇ ਦੀਆਂ ਮੰਡੀਆਂ ’ਚ 130 ਲੱਖ ਮੀਟ੍ਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ। ਇਸ ਵਿੱਚੋਂ 8.50 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਪਨਗ੍ਰੇਨ ਵੱਲੋਂ ਬਤੌਰ ਨੋਡਲ ਏਜੰਸੀ, ਰਾਜ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਯੋਗ ਲਾਭਪਾਤਰੀਆਂ ਨੂੰ ਵੰਡਣ ਲਈ 121.5 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਸੈਂਟਰਲ ਪੂਲ ਅਧੀਨ ਸਮੂਹ ਏਜੰਸੀਆਂ ਭਾਵ ਪਨਗ੍ਰੇਨ, ਮਾਰਕਫ਼ੈੱਡ, ਵੇਅਰਹਾਊਸ ਤੇ ਐੱਫ਼ਸੀਆਈ ਵੱਲੋਂ ਕੀਤੀ ਜਾਵੇਗੀ।

 
ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਰਬੀ ਸੀਜ਼ਨ 2021–22 ਦੌਰਾਨ ਸੈਂਟਰਲ ਪੂਲ ਲਈ ਕਣਕ ਦੀ ਖ਼ਰੀਦ ਕਰਨ ਸਬੰਧੀ ਏਜੰਸੀਆਂ ਵੱਲੋਂ 50 ਕਿਲੋਗ੍ਰਾਮ ਦੀ ਸਮਰੱਥਾ ਵਾਲੀ ਨਵੀਂ ਜੂਟ, ਐੱਚਡੀਪੀਈ, ਪੀਪੀ ਬੋਰੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਨੈਸ਼ਨਲ ਫੂਡ ਸਕਿਓਰਿਟੀ ਐਕਟ ਅਧੀਨ ਵੰਡੀ ਜਾਣ ਵਾਲੀ ਕਣਕ ਦੀ ਭਰਾਈ ਲਈ ਜ਼ਰੂਰੀ 30 ਕਿਲੋਗ੍ਰਾਮ ਸਮਰੱਥਾ ਵਾਲੀਆਂ ਬੋਰੀਆਂ ਦਾ ਇੰਤਜ਼ਾਮ ਪਨਗ੍ਰੇਨ ਵੱਲੋਂ ਕੀਤਾ ਗਿਆ ਹੈ।

 

ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਮੰਡੀ ਬੋਰਡ ਵੱਲੋਂ ਮੰਡੀਵਾਰ, ਆੜ੍ਹਤੀਵਾਰ ਬਾਰਦਾਨਾ ਮੰਡੀ ’ਚ ਭੇਜਣ ਸਬੰਧੀ ਆੜ੍ਹਤੀਆਂ ਨੂੰ ਟੋਕਨ ਜਾਰੀ ਕੀਤਾ ਜਾਵੇਗਾ। ਭਾਰਤ ਸਰਕਾਰ ਦੇ ਦਿਸ਼ਾ–ਨਿਰਦੇਸ਼ਾਂ ਮੁਤਾਬਕ ਕਣਕ ਦੀ ਬੋਰੀ ਅਤੇ ਨੀਲੇ ਰੰਗ ਦਾ ਛਾਪਾ, ਲਾਲ ਰੰਗ ਦੇ ਧਾਗੇ ਨਾਲ ਸਿਲਾਈ ਕੀਤੀ ਜਾਵੇਗੀ।

 

ਸੀਜ਼ਨ ਦੌਰਾਨ ਸਰਕਾਰ ਵੱਲੋਂ ਕਣਕ ਦੀ ਬੋਲੀ ਦਾ ਸਮਾਂ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮੀਂ 6:00 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਬੋਲੀ ਲਾਉਂਦੇ ਸਮੇਂ ਉਚਿਤ ਦੂਰੀ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ।

 

ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਲੇਬਰ, ਢੋਆ-ਢੁਆਈ ਦੇ ਠੇਕੇਦਾਰ ਵੱਲੋਂ ਮਜ਼ਦੂਰਾਂ ਨੂੰ ਜ਼ਰੂਰੀ ਮਾਸਕ ਮੁਹੱਈਆ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਰਬੀ ਸੀਜ਼ਨ 2021-22 ਦੌਰਾਨ ਖ਼ਰੀਦੀ ਗਈ ਕਣਕ ਦੀ ਅਦਾਇਗੀ ਆੱਨਲਾਈਨ ਵਿਧੀ ਦੁਆਰਾ ਅਨਾਜ ਖ਼ਰੀਦ ਪੋਰਟਲ ਜ਼ਰੀਏ ਕੀਤੀ ਜਾਵੇਗੀ। ਇਸ ਦੌਰਾਨ ਸਾਰੇ ਖ਼ਰੀਦ ਕੇਂਦਰਾਂ ਉੱਤੇ ਬਿਜਲੀ ਸਪਲਾਈ 24 ਘੰਟੇ ਜਾਰੀ ਰੱਖੀ ਜਾਵੇਗੀ। ਇਸ ਦੇ ਨਾਲ ਹੀ ਡੀਜੀਪੀ ਨੂੰ ਇਨ੍ਹਾਂ ਖ਼ਰੀਦ ਕੇਂਦਰਾਂ ਦੀ ਸੁਰੱਖਿਆ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।