ਚੰਡੀਗੜ੍ਹ: ਖੇਤੀ ਕਾਨੂੰਨ ਖਿਲਾਫ ਡਟੇ ਕਿਸਾਨ ਹੁਣ ਸਿਆਸੀ ਪਾਰਟੀਆਂ ਨੂੰ ਝਟਕੇ ਦੇਣ ਦੀ ਰਾਹ ਤੁਰ ਪਏ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਸਿਆਸੀ ਲੀਡਰ ਖੇਤੀ ਕਾਨੂੰਨਾਂ ਦਾ ਵਿਰੋਧ ਨਹੀਂ ਕਰਦੇ ਉਨ੍ਹਾਂ ਨੂੰ ਵੋਟ ਨਾ ਪਾਈ ਜਾਵੇ। ਕਿਸਾਨਾਂ ਨੂੰ ਇਹ ਸਲਾਹ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਵੀਰਵਾਰ ਬਟਾਲਾ ਵਿੱਚ ਹੋਰੀ ਕਿਸਾਨ ਰੈਲੀ ਵਿੱਚ ਦਿੱਤੀ।



ਅਹਿਮ ਗੱਲ ਹੈ ਕਿ ਪਹਿਲਾਂ ਕਿਸਾਨ ਬੀਜੇਪੀ ਲੀਡਰਾਂ ਦਾ ਹੀ ਵਿਰੋਧ ਕਰ ਰਹੇ ਸੀ। ਹੁਣ ਕਿਸਾਨਾਂ ਨੇ ਉਨ੍ਹਾਂ ਸਾਰੇ ਲੀਡਰਾਂ ਨੂੰ ਲਪੇਟੇ ਵਿੱਚ ਲੈਣ ਦੀ ਰਣਨੀਤੀ ਬਣਾਈ ਹੈ ਜੋ ਖੇਤੀ ਕਾਨੂੰਨਾਂ ਦਾ ਵਿਰੋਧ ਨਹੀਂ ਕਰ ਰਹੇ। ਕਿਸਾਨ ਪਹਿਲਾਂ ਬੀਜੇਪੀ ਲੀਡਰਾਂ ਦਾ ਬਾਈਕਾਟ ਕਰ ਰਹੇ ਸੀ ਪਰ ਹੁਣ ਵੋਟ ਨਾ ਪਾਉਣ ਦਾ ਵੀ ਐਲਾਨ ਕਰਨ ਲੱਗੇ ਹਨ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਜਿਹੜਾ ਸਿਆਸੀ ਲੀਡਰ ਖੇਤੀ ਕਾਨੂੰਨਾਂ ਵਿਰੁੱਧ ਨਹੀਂ ਬੋਲਦਾ, ਉਸ ਨੂੰ ਭਵਿੱਖ ਵਿੱਚ ਵੋਟ ਨਾ ਪਾਈ ਜਾਵੇ।

ਬੇਸ਼ੱਕ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਫਿੱਕਾ ਪੈ ਰਿਹਾ ਹੈ ਪਰ ਕਿਸਾਨ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਖੇਤੀ ਕਾਨੂੰਨ ਵਾਪਸ ਹੋਣ ਤੇ ਐਮਐਸਪੀ ਲਾਗੂ ਕਰਵਾਉਣ ਮਗਰੋਂ ਹੀ ਘਰਾਂ ਨੂੰ ਪਰਤਣਗੇ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਉਹ ਲੰਬੇ ਸੰਘਰਸ਼ ਲਈ ਤਿਆਰ ਹਨ। ਇਸ ਲਈ ਰਣਨੀਤੀ ਵੀ ਬਣਾਈ ਜਾ ਰਹੀ ਹੈ।

ਚੜੂਨੀ ਨੇ ਕਿਹਾ ਕਿ ਕਿਸੇ ਭਾਜਪਾ ਆਗੂ ਦਾ ਜਹਾਜ਼ ਜ਼ਿਲ੍ਹਾ ਗੁਰਦਾਸਪੁਰ ਵਿੱਚ ਨਾ ਉੱਤਰਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਰਿਆਣਾ ਦੇ ਕਿਸਾਨਾਂ ਤੋਂ ਸਿੱਖਿਆ ਲੈਣ, ਜਿੱਥੇ ਭਾਜਪਾ ਤੇ ਜੇਜੇਪੀ ਦੀ ਸਰਕਾਰ ਹੁੰਦਿਆਂ ਵੀ ਲੋਕ ਮੁੱਖ ਮੰਤਰੀ ਤੇ ਹੋਰਨਾਂ ਦੇ ਜਹਾਜ਼ ਨਹੀਂ ਉੱਤਰਨ ਦਿੰਦੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੰਬਾਨੀ, ਅਡਾਨੀ ਤੇ ਰਾਮਦੇਵ ਦੀਆਂ ਵਸਤਾਂ ਦਾ ਮੁਕੰਮਲ ਬਾਈਕਾਟ ਕਰਨ ਤੇ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ।