ਚੰਡੀਗੜ੍ਹ: ਸਾਉਣੀ ਤੋਂ ਬਾਅਦ ਹੁਣ ਹਾੜੀ ਦੀ ਫ਼ਸਲ ਦੀ ਤਿਆਰੀ ਹੈ। ਹਾੜੀ ਦੀ ਮੁੱਖ ਫ਼ਸਲ ਕਣਕ ਹੈ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦੇ ਬੀਜ ਉਪਲਬਧ ਕਰਵਾਉਣ ਦੀ ਨੀਤੀ ਤਹਿਤ ਕਣਕ ਦੇ ਬੀਜ ਉੱਤੇ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਏਬੀਪੀ ਸਾਂਝਾ ਨੂੰ ਦਿੱਤੀ।


ਜਸਵੀਰ ਸਿੰਘ ਮੁਤਾਬਿਕ ਵਿਭਾਗ ਕੋਲ 17 ਲੱਖ ਟਨ ਕਣਕ ਦਾ ਬੀਜ ਉਪਲਬਧ ਹੈ ਜਿਸ ਵਿੱਚੋਂ ਤਿੰਨ ਲੱਖ ਕੁਇੰਟਲ ਤੋਂ ਜ਼ਿਆਦਾ ਬੀਜ ਉੱਤੇ ਸਬਸਿਡੀ ਦਿੱਤੀ ਜਾਵੇਗੀ। ਇਸ ਬਾਰ ਖੇਤੀਬਾੜੀ ਵਿਭਾਗ ਨੇ ਪੰਜਾਬ ਵਿੱਚ 35 ਲੱਖ ਹੈਕਟੇਅਰ ਕਣਕ ਦਾ ਬਿਜਾਈ ਦਾ ਟੀਚਾ ਮਿਥਿਆ ਹੈ।

ਉਨ੍ਹਾਂ ਕਿਹਾ ਕਿ ਛੋਟੀ ਕਿਸਾਨੀ ਨੂੰ ਕਣਕ ਦੀ ਸਬਸਿਡੀ ਦਾ ਬੀਜ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ। ਇਹ ਬੀਜ ਪੰਜ ਏਕੜ ਤੱਕ ਮਿਲੇਗਾ। ਕਿਸਾਨ ਨੂੰ ਸਬਸਿਡੀ ਵਾਲਾ ਕਣਕ ਦਾ ਬੀਜ ਲੈਣ ਲਈ ਮਾਨਤਾ ਪ੍ਰਾਪਤ ਖ਼ਰੀਦ ਕੇਂਦਰ ਤੋਂ ਖ਼ਰੀਦ ਸਬੰਧੀ ਪਰਚੀ ਲੈਣੀ ਜ਼ਰੂਰੀ ਹੋਵੇਗੀ। ਇਹ ਪਰਚੀ ਨੂੰ ਵਿਭਾਗ ਤੋਂ ਲਿਆ ਫਾਰਮ ਭਰਕੇ ਨਾਲ ਨੱਥੀ ਕਰਕੇ ਜਮ੍ਹਾ ਕਰਾਉਣਾ ਹੋਵੇਗਾ।   ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਬੀਜ ਪੂਰੇ ਮੁੱਲ ਵਿੱਚ ਖਰੀਦਣ ਹੋਵੇਗੀ ਬਾਅਦ ਵਿੱਚ  ਬੀਜ ਦੀ ਸਬਸਿਡੀ ਖਾਤਿਆਂ ਵਿੱਚ ਆਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਛੋਟੀ ਕਿਸਾਨੀ ਨੂੰ ਵੰਡਣ ਤੋਂ ਬਾਅਦ ਬੀਜ ਬਚ ਗਿਆ ਤਾਂ ਫਿਰ ਪੰਜ ਏਕੜ ਤੋਂ ਉੱਪਰ ਦੀ ਕਿਸਾਨੀ ਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਬਸਿਡੀ ਸੀਮਤ ਮਾਤਰਾ ਵਿੱਚ ਉਪਲਬਧ ਹੈ ਪਰ ਜੇਕਰ ਸਬਸਿਡੀ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਬਲਾਕ ਲੈਵਲ ਤੇ ਡਰਾਅ ਕੱਢੇ ਜਾਣਗੇ।

ਡਾਇਰੈਕਟਰ ਨੇ ਕਿਹਾ ਕਿ ਅਕਸਰ ਕਿਸਾਨ ਨੂੰ ਘਟੀਆ ਬੀਜ ਦੀ ਸ਼ਿਕਾਇਤ ਹੁੰਦੀ ਹੈ। ਇਸ ਸਬੰਧ ਵਿੱਚ ਖੇਤੀਬਾੜੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਅਜਿਹਾ ਕੇਸ ਆਉਂਦਾ ਹੈ ਤਾਂ ਕਿਸਾਨ ਦੀ ਪੈਰਵੀ ਕੀਤੀ ਜਾਵੇਗੀ। ਪਰ ਇਸਦੇ ਲਈ ਕਿਸਾਨ ਕੋਲ ਖ਼ਰੀਦ ਸਬੰਧੀ ਪਰਚੀ ਹੋਣੀ ਜ਼ਰੂਰੀ ਹੋਵੇਗੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਆਪਣੇ ਜ਼ਿਲ੍ਹਾ ਸੈਂਟਰਾਂ ਵਿੱਚ ਕਣਕ ਤੇ ਸਬਜ਼ੀਆਂ ਦੇ ਸੋਧੇ ਹੋਏ ਮਾਨਤਾ ਪ੍ਰਾਪਤ ਬੀਜ ਵੇਚਣ ਸ਼ੁਰੂ ਕਰ ਦਿੱਤੇ ਹਨ। ਕਹਿੰਦੇ ਨੇ ਜੇ ਬੀਜ ਵਧੀਆ ਹੋਵੇਗੀ ਤਾਂ ਫ਼ਸਲ ਵੀ ਵਧੀਆ ਹੁੰਦੀ ਹੈ। ਇਸ ਲਈ ਜੇਕਰ ਕਿਸਾਨ ਹੁਣੇ ਤੋਂ ਹੀ ਚੰਗੇ ਤੇ ਸੋਧੇ ਹੋਏ ਮਾਨਤਾ ਪ੍ਰਾਪਤ ਬੀਜ ਖੇਤੀਬਾੜੀ ਵਿਭਾਗ ਜਾਂ ਯੂਨੀਵਰਸਿਟੀ ਦੇ ਸੈਂਟਰਾਂ ਤੋਂ ਲੈਕੇ ਵਰਤੋਂ ਕਰਨ ਤਾਂ ਫ਼ਸਲ ਵੀ ਭਰਪੂਰ ਹੋਵੇਗੀ ਤੇ ਨਕਲੀ ਬੀਜ ਦੀ ਫ਼ਿਕਰ ਵੀ ਨਹੀਂ ਰਹੇਗੀ।