ਚੰਡੀਗੜ੍ਹ: ਪੰਜਾਬ ਸਮੇਤ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ 'ਚ ਪੰਜਾਬ ਉੱਤੇ ਖ਼ਤਰੇ ਦੇ ਬੱਦਲ ਛਾ ਗਏ ਹਨ, ਕਿਉਂਕਿ ਵਾਇਰਸ ਦਾ ਮੁਕਾਬਲਾ ਕਰਨ ਲਈ ਕੋਰੋਨਾ ਟੀਕੇ ਖ਼ਤਮ ਹੋ ਚੁੱਕੇ ਹਨ। ਟੀਕੇ ਨਾ ਮਿਲਣ ਕਾਰਨ ਲੋਕਾਂ ਨੂੰ ਬੇਵੱਸ ਹੋ ਕੇ ਆਪਣੇ ਘਰ ਪਰਤਣਾ ਪੈ ਰਿਹਾ ਹੈ। ਜ਼ਿਲ੍ਹਾ ਬਠਿੰਡਾ 'ਚ ਸਾਰੇ ਟੀਕਾਕਰਨ ਕੇਂਦਰ ਬੰਦ ਹੋ ਚੁੱਕੇ ਹਨ, ਕਿਉਂਕਿ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ। ਅਜਿਹੇ ਹੀ ਹਾਲਾਤ ਪਟਿਆਲਾ, ਸੰਗਰੂਰ, ਬਰਨਾਲਾ, ਫ਼ਰੀਦਕੋਟ, ਜਲੰਧਰ, ਅੰਮ੍ਰਿਤਸਰ ਤੇ ਹੋਰ ਥਾਵਾਂ 'ਤੇ ਬਣੇ ਹੋਏ ਹਨ।
ਬਠਿੰਡਾ ਦੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਐਨਜੀਓਜ਼ ਤੇ ਹੋਰਨਾਂ ਨੂੰ ਅਗਲੇ ਹੁਕਮਾਂ ਤੱਕ ਸਾਰੇ ਟੀਕਾਕਰਨ ਕੈਂਪਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਿਵਲ ਸਰਜਨ ਨੇ ਆਦੇਸ਼ਾਂ 'ਚ ਕਿਹਾ ਹੈ ਕਿ ਜਦੋਂ ਤਕ ਨਵਾਂ ਸਟਾਕ ਨਹੀਂ ਆ ਜਾਂਦਾ, ਉਦੋਂ ਤਕ ਟੀਕੇ ਦੀ ਪਹਿਲੀ ਖੁਰਾਕ ਕਿਸੇ ਨੂੰ ਵੀ ਨਾ ਦਿੱਤੀ ਜਾਵੇ। ਇਸ ਸਮੇਂ ਮੌਜੂਦ ਸਟਾਕ ਦੀ ਵਰਤੋਂ ਸਿਰਫ਼ ਟੀਕਾਕਰਨ ਦੀ ਦੂਜੀ ਖੁਰਾਕ ਲਈ ਕੀਤੀ ਜਾਣੀ ਹੈ।
ਉੱਥੇ ਹੀ ਪਟਿਆਲਾ ਦੇ ਸਿਹਤ ਅਧਿਕਾਰੀਆਂ ਨੂੰ ਵੀ ਸੋਮਵਾਰ ਦੁਪਹਿਰ ਟੀਕੇ ਦਾ ਸਟਾਕ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਵਾਪਸ ਜਾਣ ਲਈ ਕਹਿਣਾ ਪਿਆ। ਸਿਹਤ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਵੀ ਖੁਰਾਕ ਨਹੀਂ ਬਚੀ ਹੈ। ਇਸ ਲਈ ਮੰਗਲਵਾਰ ਤੋਂ ਜ਼ਿਲ੍ਹੇ 'ਚ ਕੋਈ ਟੀਕਾਕਰਨ ਕੈਂਪ ਨਹੀਂ ਲਗਾਇਆ ਜਾਵੇਗਾ। ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਸਿਰਫ਼ 800 ਲੋਕਾਂ ਨੂੰ ਹੀ ਡੋਜ਼ ਦਿੱਤੀ ਗਈ।
ਸੰਗਰੂਰ 'ਚ ਕੋਵਿਡ ਟੀਕੇ ਦੀਆਂ ਸਿਰਫ਼ 190 ਖੁਰਾਕਾਂ ਬਚੀਆਂ ਸਨ, ਇਸ ਲਈ ਟੀਕਾਕਰਣ ਦੀ ਮੁਹਿੰਮ ਨੂੰ ਰੋਕਣਾ ਪਿਆ ਹੈ। ਜਲੰਧਰ 'ਚ ਸਿਹਤ ਵਿਭਾਗ ਨੂੰ ਆਪਣੀ ਟੀਕਾਕਰਨ ਮੁਹਿੰਮ ਨੂੰ ਜਾਰੀ ਰੱਖਣ ਲਈ ਨਿੱਜੀ ਕੇਂਦਰਾਂ ਤੋਂ ਕੋਵਿਸ਼ੀਲਡ ਟੀਕਾ ਵਾਪਸ ਲੈਣਾ ਪਿਆ ਹੈ। ਬੀਤੇ ਸ਼ਨਿੱਚਰਵਾਰ ਤਕ ਜਲੰਧਰ 'ਚ 100 ਤੋਂ 150 ਕੇਂਦਰਾਂ 'ਚ ਕੋਵਿਡ ਟੀਕਾ ਲਗਾਇਆ ਜਾ ਰਿਹਾ ਸੀ, ਪਰ ਹੁਣ ਇਹ ਗਿਣਤੀ ਬਹੁਤ ਘੱਟ ਰਹਿ ਗਈ ਹੈ।
ਰੋਪੜ ਜ਼ਿਲ੍ਹੇ 'ਚ ਟੀਕਾਕਰਨ ਮੁਹਿੰਮ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਬੀਤੇ ਦਿਨ ਟੀਕੇ ਦੀਆਂ ਸਿਰਫ਼ 700 ਖੁਰਾਕਾਂ ਸਨ। ਕੁਝ ਘੰਟਿਆਂ 'ਚ ਹੀ ਸਟਾਕ ਖ਼ਤਮ ਹੋ ਗਿਆ। ਬਾਕੀ ਲੋਕਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ। ਗੁਰਦਾਸਪੁਰ, ਅੰਮ੍ਰਿਤਸਰ ਤੇ ਪਠਾਨਕੋਟ ਜ਼ਿਲ੍ਹਿਆਂ 'ਚ ਵੀ ਟੀਕੇ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਦਿੱਤਾ ਹੈ ਕਿ 70 ਫ਼ੀਸਦੀ ਖੁਰਾਕਾਂ ਗੰਭੀਰ ਮਰੀਜ਼ਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਫ਼ਰੰਟਲਾਈਨ ਵਰਕਰਾਂ ਲਈ ਰੱਖੀ ਜਾਵੇ।