ਨਵੀਂ ਦਿੱਲੀ: ਏਟੀਐਮ ’ਚੋਂ 5 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਕੱਢਣ ਉੱਤੇ ਨੇੜ ਭਵਿੱਖ ’ਚ ਕੁਝ ਵਾਧੂ ਫ਼ੀਸ ਦੇਣੀ ਪੈ ਸਕਦੀ ਹੈ। ਦੇਸ਼ ਦੇ ਕੇਂਦਰੀ ਬੈਂਕ ‘ਰਿਜ਼ਰਵ ਬੈਂਕ ਆਫ਼ ਇੰਡੀਆ’ ਇਸ ਬਾਰੇ ਵਿਚਾਰ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਪੰਜ ਮੁਫ਼ਤ ਟ੍ਰਾਂਜ਼ੈਕਸ਼ਨਾਂ ਵਿੱਚ ਸ਼ਾਮਲ ਨਹੀਂ ਹੋਵੇ। ਇਹ ਹਨ ਬਿਨਾ ਕਿਸੇ ਫ਼ੀਸ ਦੇ ATM ’ਚੋਂ ਪੈਸੇ ਕਢਵਾਉਣ ਦੇ ਨਿਯਮ ਤੇ ਸ਼ਰਤਾਂ:


5 ਹਜ਼ਾਰ ਰੁਪਏ ਤੋਂ ਵੱਧ ਕਢਵਾਉਣ ’ਤੇ ਲੱਗ ਸਕਦੀ ਹੈ 24 ਰੁਪਏ ਫ਼ੀਸ

ਏਟੀਐਮ ’ਚੋਂ ਇੱਕੋ ਵਾਰੀ ’ਚ ਪੰਜ ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਕਢਵਾਉਣ ਉੱਤੇ ਬੈਂਕ ਆਪਣੇ ਗਾਹਕ ਤੋਂ 24 ਰੁਪਏ ਵਾਧੂ ਚਾਰਜ ਕਰ ਸਕਦਾ ਹੈ। ਮੌਜੂਦਾ ਨਿਯਮ ਅਨੁਸਾਰ ਪੰਜ ਟ੍ਰਾਂਜ਼ੈਕਸ਼ਨਜ਼ ਮੁਫ਼ਤ ਹੁੰਦੇ ਹਨ। ਨਵੇਂ ਨਿਯਮਾਂ ਮੁਤਾਬਕ 24 ਰੁਪਏ ਦੀ ਵਾਧੂ ਫ਼ੀਸ ਪਹਿਲੇ ਪੰਜ ਮੁਫ਼ਤ ਟ੍ਰਾਂਜ਼ੈਕਸ਼ਨਜ਼ ਉੱਤੇ ਲਾਗੂ ਨਹੀਂ ਹੋਵੇਗੀ। ਇਸ ਵੇਲੇ ਇੱਕ ਮਹੀਨੇ ’ਚ ਪੰਜ ਤੋਂ ਵੱਧ ਟ੍ਰਾਂਜ਼ੈਕਸ਼ਨ ਕਰਨ ’ਤੇ 20 ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਫ਼ੀਸ ਲੱਗਦੀ ਹੈ।


ਇਸ ਦੇ ਨਾਲ ਹੀ ‘ਸਟੇਟ ਬੈਂਕ ਆੱਫ਼ ਇੰਡੀਆ’ ਦੇ ਖਾਤਾਧਾਰਕ ਦੇ ਖਾਤੇ ਵਿੱਚ ਬੈਲੰਸ ਨਾ ਹੋਣ ਉੱਤੇ ਜੇ ਟ੍ਰਾਂਜ਼ੈਕਸ਼ਨ ਫ਼ੇਲ੍ਹ ਹੁੰਦੀ ਹੈ, ਤਾਂ ਵੀ ਜੁਰਮਾਨੇ ਵਜੋਂ 20 ਰੁਪਏ ਤੇ ਜੀਐਸਟੀ ਚਾਰਜ ਦੇਣਾ ਹੋਵੇਗਾ। SBI ਦੇ ਇਹ ਨਿਯਮ ਇਸੇ ਵਰ੍ਹੇ ਦੀ ਪਹਿਲੀ ਜੁਲਾਈ ਤੋਂ ਲਾਗੂ ਹੋ ਚੁੱਕੇ ਹਨ।


RBI ਕਿਉਂ ਲਾਉਣਾ ਚਾਹੁੰਦਾ ਚਾਰਜ?

RBI ਚਾਹੁੰਦਾ ਹੈ ਕਿ ਗਾਹਕ ਵੱਧ ਤੋਂ ਵੱਧ ਲੈਣ-ਦੇਣ ਆੱਨਲਾਈਨ ਕਰਨ। ATM ਦੀ ਵਰਤੋਂ ਲੋਕ ਕੇਵਲ ਪੈਸੇ ਜਮ੍ਹਾ ਕਰਵਾਉਣ ਲਈ ਕਰਨ। ਇਸ ਦੇ ਨਾਲ ਹੀ RBI ਵੱਡੇ ਸ਼ਹਿਰਾਂ ਵਿੱਚ ਏਟੀਐਮਜ਼ ਦੀ ਗਿਣਤੀ ਘਟਾ ਕੇ 10 ਲੱਖ ਤੋਂ ਘੱਟ ਦੀ ਆਬਾਦੀ ਵਾਲੇ ਛੋਟੇ ਸ਼ਹਿਰਾਂ ਵਿੱਚ ਏਟੀਐਮ ਦੀ ਵਰਤੋਂ ਵਧਾਉਣੀ ਚਾਹੁੰਦਾ ਹੈ।




ATM ’ਚੋਂ ਪੈਸੇ ਕਢਵਾਉਣ ਵਾਲੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ


·        ATM ਮਸ਼ੀਨ ਵਿੱਚ ਆਪਣਾ ਕਾਰਡ ਲਾਉਂਦੇ ਸਮੇਂ ਕਾਰਡ ਪਾਉਣ ਵਾਲੀ ਥਾਂ ਨੂੰ ਧਿਆਨ ਨਾਲ ਵੇਖ ਲਵੋ ਕਿਉਂਕਿ ਠੱਗ ਅਕਸਰ ਕਲੋਨਿੰਗ ਡਿਵਾਈਸ ਇਸੇ ਥਾਂ ਉੱਤੇ ਲਾਉਂਦੇ ਹਨ।


·        ਜੇ ਕੋਈ ਗੜਬੜ ਜਾਪ ਰਹੀ ਹੈ, ਤਾਂ ਉੱਥੇ ਆਪਣਾ ਕਾਰਡ ਨਾ ਪਾਓ।


·        ਆਪਣਾ PIN ਦਰਜ ਕਰਨ ਤੋਂ ਪਹਿਲਾਂ ਕੀਅ–ਪੈਡ ਦੀ ਚੰਗੀ ਤਰ੍ਹਾਂ ਜਾਂਚ ਕਰ ਲਵੋ।


·        ਦੁਕਾਨ ਜਾਂ ਰੈਸਟੋਰੈਂਟ ਵਿੱਚ ਆਪਣਾ ਕਾਰਡ ਸਵਾਈਪ ਕਰਨ ਤੋਂ ਪਹਿਲਾਂ POS ਮਸ਼ੀਨ ਨੂੰ ਚੈੱਕ ਕਰ ਲਵੋ।


·        ਕਿਸੇ ਜਨਤਕ ਸਥਾਨ ਉੱਤੇ ਲੱਗੇ ATM ਦੀ ਵਰਤੋਂ ਕਰੋ।