ਨਵੀਂ ਦਿੱਲੀ: ਭਾਰਤ ਵਿੱਚ, ਲਾਪ੍ਰਵਾਹੀ ਨਾਲ ਹੋਣ ਵਾਲੇ ਸੜਕ ਹਾਦਸਿਆਂ ਕਾਰਨ 2020 ਵਿੱਚ 1.20 ਲੱਖ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ, ਕੋਰੋਨਾ ਮਹਾਂਮਾਰੀ ਕਾਰਨ ਲੌਕਡਾਊਨ ਦੇ ਬਾਵਜੂਦ ਸੜਕ ਹਾਦਸਿਆਂ ’ਚ ਹਰ ਰੋਜ਼ ਔਸਤਨ 328 ਵਿਅਕਤੀਆਂ ਦੀ ਮੌਤ ਹੋਈ ਹੈ।

 

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਨੇ 2020 ਲਈ ਆਪਣੀ ਸਾਲਾਨਾ 'ਕ੍ਰਾਈਮ ਇੰਡੀਆ' ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ 3.92 ਲੱਖ ਲੋਕਾਂ ਨੇ ਤਿੰਨ ਸਾਲਾਂ ਦੇ ਸਮੇਂ ਵਿੱਚ ਲਾਪਰਵਾਹੀ ਕਾਰਨ ਸੜਕ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗੁਆਈਆਂ ਹਨ। ਜਦੋਂ ਕਿ 2020 ਵਿੱਚ 1.20 ਲੱਖ ਮੌਤਾਂ ਦਰਜ ਕੀਤੀਆਂ ਗਈਆਂ ਹਨ, ਇਹ ਅੰਕੜਾ 2019 ਵਿੱਚ 1.36 ਲੱਖ ਤੇ 2018 ਵਿੱਚ 1.35 ਲੱਖ ਸੀ।

 

ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਨ ਵਾਲੀ ਐਨਸੀਆਰਬੀ ਦੀ ਰਿਪੋਰਟ ਦੱਸਦੀ ਹੈ ਕਿ 2018 ਤੋਂ ਦੇਸ਼ ਵਿੱਚ 'ਹਿੱਟ ਐਂਡ ਰਨ' (ਟੱਕਰ ਮਾਰ ਕੇ ਨੱਸ ਜਾਣ ਵਾਲੇ ਵਾਹਨਾਂ) ਦੇ 1.35 ਲੱਖ ਮਾਮਲੇ ਦਰਜ ਕੀਤੇ ਗਏ ਹਨ। ਇਕੱਲੇ 2020 ਵਿੱਚ ਹੀ 41,196 ਹਿੱਟ ਐਂਡ ਰਨ ਮਾਮਲੇ ਸਨ, ਜਦੋਂ ਕਿ 2019 ਵਿੱਚ 47,504 ਅਤੇ 2018 ਵਿੱਚ 47,028 ਸਨ। ਅੰਕੜਿਆਂ ਅਨੁਸਾਰ, ਪਿਛਲੇ ਇੱਕ ਸਾਲ ਵਿੱਚ, ਦੇਸ਼ ਭਰ ਵਿੱਚ ਹਰ ਰੋਜ਼ ਔਸਤਨ 112 ਹਿੱਟ ਐਂਡ ਰਨ ਮਾਮਲੇ ਸਾਹਮਣੇ ਆਏ ਹਨ।

 

ਜਨਤਕ ਸੜਕਾਂ ਤੇ ਤੇਜ਼ ਰਫਤਾਰ ਜਾਂ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ 2020 ਵਿੱਚ 1.30 ਲੱਖ, 2019 ਵਿੱਚ 1.60 ਲੱਖ ਅਤੇ 2018 ਵਿੱਚ 1.66 ਲੱਖ ਸੱਟਾਂ ਲੱਗੀਆਂ, ਜਦੋਂ ਕਿ ਗੰਭੀਰ ਸੱਟਾਂ ਦੇ ਮਾਮਲੇ 2020 ਵਿੱਚ 85,920, 2019 ਵਿੱਚ 1.12 ਲੱਖ ਅਤੇ 2018 ਵਿੱਚ 1.08 ਲੱਖ ਸਨ। ਇਸ ਦੌਰਾਨ, ਦੇਸ਼ ਭਰ ਵਿੱਚ ਰੇਲ ਹਾਦਸਿਆਂ ਵਿੱਚ ਲਾਪਰਵਾਹੀ ਕਾਰਨ ਮੌਤ ਦੇ 52 ਮਾਮਲੇ 2020 ਵਿੱਚ, 2019 ਵਿੱਚ 55 ਅਤੇ 2018 ਵਿੱਚ 35 ਦਰਜ ਕੀਤੇ ਗਏ।

 

ਐਨਸੀਆਰਬੀ ਦੇ ਅੰਕੜੇ ਦੱਸਦੇ ਹਨ ਕਿ 2020 ਵਿੱਚ ਡਾਕਟਰੀ ਲਾਪਰਵਾਹੀ ਕਾਰਨ ਹੋਈਆਂ ਮੌਤਾਂ ਦੇ 133 ਮਾਮਲੇ ਭਾਰਤ ਵਿੱਚ ਦਰਜ ਕੀਤੇ ਗਏ, ਜਦੋਂ ਕਿ 2019 ਵਿੱਚ 201 ਅਤੇ 2018 ਵਿੱਚ 218 ਸਨ। ਰਿਪੋਰਟ ਅਨੁਸਾਰ, 2020 ਵਿੱਚ 'ਨਾਗਰਿਕ ਸੰਸਥਾਵਾਂ ਦੀ ਲਾਪਰਵਾਹੀ ਕਾਰਨ ਹੋਈਆਂ ਮੌਤਾਂ' ਦੇ 51 ਮਾਮਲੇ ਦਰਜ ਕੀਤੇ ਗਏ, ਜਦੋਂ ਕਿ 2019 ਵਿੱਚ 147 ਅਤੇ 2018 ਵਿੱਚ 40 ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2020 ਵਿੱਚ ਦੇਸ਼ ਭਰ ਵਿੱਚ 'ਹੋਰ ਲਾਪਰਵਾਹੀ ਨਾਲ ਮੌਤਾਂ' ਦੇ 6,367 ਮਾਮਲੇ ਸਾਹਮਣੇ ਆਏ, ਜੋ 2019 ਵਿੱਚ 7,912 ਅਤੇ 2018 ਵਿੱਚ 8,687 ਸਨ।

 

ਐਨਸੀਆਰਬੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 25 ਮਾਰਚ, 2020 ਤੋਂ 31 ਮਈ, 2020 ਤੱਕ ਮਹਾਂਮਾਰੀ ਕਾਰਨ ਦੇਸ਼ ਵਿੱਚ ਮੁਕੰਮਲ ਲੌਕਡਾਊਨ ਲੱਗਾ ਹੋਇਆ ਸੀ, ਜਿਸ ਦੌਰਾਨ ਜਨਤਕ ਥਾਵਾਂ 'ਤੇ ਆਵਾਜਾਈ ਬਹੁਤ ਸੀਮਤ ਸੀ। ਇਸ ਸਮੇਂ ਦੌਰਾਨ ਔਰਤਾਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਵਿਰੁੱਧ ਅਪਰਾਧ, ਚੋਰੀ ਅਤੇ ਡਕੈਤੀ ਦੇ ਦਰਜ ਕੀਤੇ ਗਏ ਮਾਮਲਿਆਂ ਵਿੱਚ ਗਿਰਾਵਟ ਆਈ ਹੈ।