ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕਿਸੇ ਵੇਲੇ ਪੰਜਾਬੀ ਸਭ ਤੋਂ ਵੱਧ ਇੰਗਲੈਂਡ ’ਚ ਜਾਣਾ ਪਸੰਦ ਕਰਦੇ ਸਨ ਪਰ ਫਿਰ ਉਨ੍ਹਾਂ ਦੀ ਪਸੰਦ ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਇਟਲੀ ਤੇ ਯੂਰਪ ਦੇ ਹੋਰ ਦੇਸ਼ ਬਣਦੇ ਗਏ। ਸਾਲ 1984 ਦੇ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਬਹੁਤ ਸਾਰੇ ਪੰਜਾਬੀਆਂ ਨੇ ਅਮਰੀਕਾ ਨੂੰ ਆਪਣੀ ਪਸੰਦ ਦੀ ਧਰਤੀ ਬਣਾਇਆ ਪਰ ਹੁਣ ਉਹ ਪਸੰਦ ਵੀ ਬਦਲ ਕੇ ਕੈਨੇਡਾ ਦੇਸ਼ ਜਾਣ ਦੀ ਹੋ ਗਈ ਹੈ।


 


ਪੰਜਾਬੀਆਂ ਦਾ ਮੰਨਣਾ ਹੈ ਕਿ ਕੈਨੇਡਾ ਦਾ ਜੀਵਨ ਕੁਝ ਵਧੇਰੇ ਮਿਆਰੀ ਹੈ। ਕੈਨੇਡਾ ਦਾ ‘ਐਕਸਪ੍ਰੈੱਸ ਐਂਟਰੀ’ ਪ੍ਰੋਗਰਾਮ ਬੇਹੱਦ ਚਰਚਿਤ ਹੈ ਕਿਉਂਕਿ ਇਸ ਜ਼ਰੀਏ ਪ੍ਰਵਾਸੀਆਂ ਦੇ ਮਾਪੇ ਕੁਝ ਹੀ ਮਹੀਨਿਆਂ ’ਚ ਕੈਨੇਡਾ ਪੁੱਜ ਸਕਦੇ ਹਨ। ‘ਦ ਟਾਈਮਜ਼ ਆਫ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਈਸ਼ਾਨੀ ਦੱਤਾਗੁਪਤਾ ਦੀ ਰਿਪੋਰਟ ਅਨੁਸਾਰ ਬਹੁਤੇ ਪੰਜਾਬੀ ਹੁਣ ਇਸ ਲਈ ਵੀ ਅਮਰੀਕਾ ਜਾਣਾ ਪਸੰਦ ਨਹੀਂ ਕਰਦੇ ਕਿਉਂਕਿ ਉੱਥੇ ਹੁਣ ਗ੍ਰੀਨ ਕਾਰਡ ਹਾਸਲ ਕਰਨਾ ਡਾਢਾ ਔਖਾ ਹੈ।


 


ਇਸ ਦੇ ਮੁਕਾਬਲੇ ਕੈਨੇਡਾ ਇੱਕ ‘ਕਲਿਆਣਕਾਰੀ ਦੇਸ਼’ (ਵੈਲਫ਼ੇਅਰ ਸਟੇਟ) ਹੈ ਤੇ ‘ਪਰਮਾਨੈਂਟ ਰੈਜ਼ੀਡੈਂਟਸ’ (PR ਪ੍ਰਾਪਤ) ਨੂੰ ਹੈਲਥ ਕੇਅਰ ਅਤੇ ਸਿੱਖਿਆ ਤੱਕ ਆਸਾਨ ਪਹੁੰਚ ਮਿਲ ਜਾਂਦੀ ਹੈ।


 


ਇਸ ਵਰ੍ਹੇ ਕੈਨੇਡਾ ਨੇ ਕੁੱਲ 4 ਲੱਖ 1 ਹਜ਼ਾਰ ਨਵੇਂ ਪ੍ਰਵਾਸੀਆਂ ਦਾ ਸੁਆਗਤ ਕਰਨਾ ਹੈ, ਜੋ ਆਪਣੇ-ਆਪ ਵਿੱਚ ਰਿਕਾਰਡ ਹੈ। ਦੁਨੀਆ ਭਰ ਵਿੱਚ ਜਦੋਂ ਕੋਵਿਡ-19 ਮਹਾਮਾਰੀ ਚੱਲ ਰਹੀ ਹੈ ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ ਪਰ ਕੈਨੇਡਾ ਨੇ ਆਪਣੇ ਦਰ ਖੁੱਲ੍ਹੇ ਰੱਖੇ ਹੋਏ ਹਨ। ਹੁਣ ਵੱਡੀ ਗਿਣਤੀ ’ਚ ਪੰਜਾਬੀ ਤੇ ਹੋਰ ਰਾਜਾਂ ਦੇ ਭਾਰਤੀ ਕੈਨੇਡਾ ਜਾ ਕੇ ਵੱਸਣ ਲਈ ਅਰਜ਼ੀਆਂ ਦੇ ਰਹੇ ਹਨ।


 


ਉਂਝ ਕੈਨੇਡਾ ਸਰਕਾਰ ਇਸ ਗੱਲ ਉੱਤੇ ਵਧੇਰੇ ਜ਼ੋਰ ਦੇ ਰਹੀ ਹੈ ਕਿ ਜ਼ਿਆਦਾ ਹੁਨਰਮੰਦ (ਸਕਿੱਲਡ) ਲੋਕਾਂ ਨੂੰ ਹੀ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਭਾਰਤ ’ਚ ਪ੍ਰੋਫ਼ੈਸ਼ਨਲ ਡਿਗਰੀਆਂ ਪ੍ਰਾਪਤ ਨੌਜਵਾਨਾਂ ਲਈ ਹੁਣ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ ਹੈ।