Canada Lifts Travel Ban: ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਇਹ ਪਾਬੰਦੀ ਕੁਝ ਸਮੇਂ ਲਈ ਕੋਵਿਡ-19 ਦੇ ਪ੍ਰੋਟੋਕੋਲ ਅਧੀਨ ਲਾਈ ਗਈ ਸੀ, ਜਿਸ ਦਾ ਫੈਸਲਾ ਕੱਲ੍ਹ ਜਸਟਿਨ ਟਰੂਡੋ ਦੀ ਸਰਕਾਰ ਨੇ ਲਿਆ ਹੈ।



 
ਮੰਗਲਵਾਰ ਨੂੰ ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਵਪਾਰਕ ਤੇ ਪ੍ਰਾਈਵੇਟ ਯਾਤਰੀ ਉਡਾਣਾਂ 'ਤੇ ਪਾਬੰਦੀ 26 ਸਤੰਬਰ ਤੱਕ ਵਧਾ ਦਿੱਤੀ ਸੀ। ਹੁਣ ਉਹ ਮਿਆਦ ਖ਼ਤਮ ਹੋਣ ਨਾਲ, ਭਾਰਤ ਤੋਂ ਕੈਨੇਡਾ ਦੀ ਸਿੱਧੀ ਯਾਤਰਾ ਕੀਤੀ ਜਾ ਸਕਦੀ ਹੈ। ਉਂਝ, ਇਸ ਦੌਰਾਨ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਵੀ ਲਾਜ਼ਮੀ ਹੋਵੇਗੀ, ਜਿਸ ਵਿੱਚ ਕੋਵਿਡ ਦੀਆਂ ਨੈਗੇਟਿਵ ਰਿਪੋਰਟਾਂ ਵੀ ਸ਼ਾਮਲ ਹਨ।

 

ਅਧਿਕਾਰੀਆਂ ਅਨੁਸਾਰ ਕੈਨੇਡੀਅਨ ਏਅਰਲਾਈਨ ‘ਏਅਰ ਕੈਨੇਡਾ’ ਭਲਕੇ ਤੋਂ ਭਾਰਤ ਤੋਂ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰ ਸਕਦੀ ਹੈ। ਜਦੋਂ ਕਿ ‘ਏਅਰ ਇੰਡੀਆ’ 30 ਸਤੰਬਰ ਤੋਂ ਕੈਨੇਡਾ ਲਈ ਆਪਣੀਆਂ ਉਡਾਣਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਮਹੀਨਾ ਪਹਿਲਾਂ ਪਾਬੰਦੀ ਲਗਾਏ ਜਾਣ ਤੋਂ ਪਹਿਲਾਂ, ਇਹ ਦੋਵੇਂ ਏਅਰਲਾਈਨਜ਼ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਦੇ ਵਿੱਚ ‘ਏਅਰ ਬਬਲ’ ਸਮਝੌਤੇ ਅਧੀਨ ਕੰਮ ਕਰ ਰਹੀਆਂ ਸਨ।

 

ਇਸ ਕਾਰਨ ਹਟਾਈ ਕੈਨੇਡਾ ਨੇ ਪਾਬੰਦੀ
ਕੈਨੇਡਾ ਨੇ ਬੁੱਧਵਾਰ ਨੂੰ ਭਾਰਤ ਤੋਂ ਆਉਣ ਵਾਲੀਆਂ ਤਿੰਨ ਯਾਤਰੀ ਉਡਾਣਾਂ 'ਤੇ ਯਾਤਰੀਆਂ ਦੀ ਜਾਂਚ ਕਰਨ ਤੋਂ ਬਾਅਦ ਇਹ ਯਾਤਰਾ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਦੀ ਜਾਂਚ ਵਿੱਚ, ਇਨ੍ਹਾਂ ਉਡਾਣਾਂ ਵਿੱਚ ਆਏ ਸਾਰੇ ਯਾਤਰੀਆਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਸੀ।

 

ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਕਰਨੀ ਹੋਵੇਗੀ ਪਾਲਣਾ
‘ਟ੍ਰਾਂਸਪੋਰਟ ਕੈਨੇਡਾ’ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਇੱਥੇ ਯਾਤਰਾ ਕਰਨ ਲਈ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਸਨ। ਜੇ ਤੁਸੀਂ ਵੀ ਅਗਲੇ ਕੁਝ ਦਿਨਾਂ ਵਿੱਚ ਕੈਨੇਡਾ ਜਾਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਜਾਣਨਾ ਵੀ ਮਹੱਤਵਪੂਰਨ ਹੈ।

·        ਯਾਤਰੀਆਂ ਲਈ ਦਿੱਲੀ ਹਵਾਈ ਅੱਡੇ 'ਤੇ ਕੋਵਿਡ-19 ਦੀ ਨੈਗੇਟਿਵ ਰਿਪੋਰਟ ਲਿਆਉਣਾ ਲਾਜ਼ਮੀ ਹੋਵੇਗਾ। ਇਹ ਰਿਪੋਰਟ ਫਲਾਈਟ ਰਵਾਨਗੀ ਦੇ ਸਮੇਂ ਤੋਂ 18 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਣੀ ਚਾਹੀਦੀ ਹੈ।

·        ਸਵਾਰ ਹੋਣ ਤੋਂ ਪਹਿਲਾਂ, ਹਵਾਈ ਸੰਚਾਲਕ ਯਾਤਰੀਆਂ ਦੀ ਜਾਂਚ ਰਿਪੋਰਟਾਂ ਦੀ ਜਾਂਚ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਉਹ ਕੈਨੇਡਾ ਦੀ ਯਾਤਰਾ ਲਈ ਪੂਰੀ ਤਰ੍ਹਾਂ ਤਿਆਰ ਹਨ।

·        ਜਿਨ੍ਹਾਂ ਯਾਤਰੀਆਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹਨ, ਉਨ੍ਹਾਂ ਨੂੰ ਇਹ ਜਾਣਕਾਰੀ ArriveCAN (ਅਰਾਈਵਕੈਨ) ਦੇ ਮੋਬਾਈਲ ਐਪ ਜਾਂ ਵੈਬਸਾਈਟ 'ਤੇ ਅਪਲੋਡ ਕਰਨੀ ਪਵੇਗੀ।

·        ਜਾਂਚ ਅਧਿਕਾਰੀ ਇਹ ਯਕੀਨੀ ਬਣਾਏਗਾ ਕਿ ਤੁਸੀਂ ਆਪਣੀ ਸਾਰੀ ਜਾਣਕਾਰੀ ਅਪਲੋਡ ਕਰ ਦਿੱਤੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਤੁਹਾਨੂੰ ਉਡਾਣ ਉੱਤੇ ਸਵਾਰ ਹੋਣ ਦੀ ਆਗਿਆ ਨਹੀਂ ਹੋਵੇਗੀ।

ਅਸਿੱਧੇ ਰੂਟ ਰਾਹੀਂ ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਭਾਰਤ ਤੋਂ ਇਲਾਵਾ ਕਿਸੇ ਵੀ ਤੀਜੇ ਦੇਸ਼ ਤੋਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੋਵੇਗੀ। ਇਹ ਰਿਪੋਰਟ ਰਵਾਨਗੀ ਦੇ 72 ਘੰਟਿਆਂ ਦੇ ਅੰਦਰ ਹੋਣੀ ਚਾਹੀਦੀ ਹੈ।