ਚੰਡੀਗੜ੍ਹ: ਪੰਜਾਬ ’ਚ ਕੋਰੋਨਾਵਾਇਰਸ ਦੀ ਲਾਗ ਅੱਗੇ ਫੈਲਣ ਤੋਂ ਰੋਕਣ ਲਈ ਕੈਪਟਨ ਸਰਕਾਰ ਨੇ ਸ਼ਹਿਰਾਂ ’ਚ ਲਾਗੂ ਸਖ਼ਤ ਪਾਬੰਦੀਆਂ ਨੂੰ ਹੁਣ ਪਿੰਡਾਂ ’ਚ ਵੀ 31 ਮਈ ਤੱਕ ਸਖ਼ਤੀ ਨਾਲ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਕੋਵਿਡ ਨੂੰ ਲੈ ਕੇ ਐਤਵਾਰ ਨੂੰ ਹੋਈ ਸਮੀਖਿਆ ਮੀਟਿੰਗ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰੀ ਇਲਾਕਿਆਂ ’ਚ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ਨੂੰ ਖ਼ਾਸ ਤੌਰ ਉੱਤੇ ਪਿੰਡਾਂ ’ਚ ਵੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਸਾਰੇ ਡਿਪਟੀ ਕਮਿਸ਼ਨਰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਤਾਜ਼ਾ ਹਾਲਾਤ ਦੀ ਸਮੀਖਿਆ ਕਰਕੇ ਕੋਈ ਹੋਰ ਪਾਬੰਦੀਆਂ ਲਾਉਣ ਲਈ ਵੀ ਅਧਿਕਾਰਤ ਹੋਣਗੇ।
ਉਨ੍ਹਾਂ ਨੇ ਐੱਲ-3 ਬੈੱਡ ਦੀਆਂ ਸਮੱਸਿਆਵਾਂ ਦੂਰ ਕਰਨ ਤੇ ਏਕਾਂਤਵਾਸ ’ਚ ਰਹਿ ਰਹੇ ਲੋਕਾਂ ਨੂੰ ਖਾਣੇ ਦੀਆਂ ਕਿਟਾਂ ਪਹੁੰਚਾਉਣਾ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ। ਪ੍ਰਾਈਵੇਟ ਹਸਪਤਾਲਾਂ ਵੱਲੋਂ ਇਲਾਜ ਦੇ ਬਹਾਨੇ ਕੀਤੀ ਜਾ ਰਹੀ ਲੁੱਟ ਬਾਰੇ ਉਨ੍ਹਾਂ ਕਿਹਾ ਕਿ ਦੋਸ਼ ਸਹੀ ਪਾਏ ਜਾਣ ’ਤੇ ਹਸਪਤਾਲ ਬੰਦ ਕਰ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ‘ਬਲੈਕ ਫ਼ੰਗਸ’ ਉੱਤੇ ਨਿਗਰਾਨੀ ਵਧਾਉਣ ਲਈ ਕਿਹਾ। ‘ਕੋਰੋਨਾ ਮੁਕਤ ਪਿੰਡ’ ਮੁਹਿੰਮ ਨੂੰ ਲੈ ਕੇ ਸਿਹਤ ਤੇ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਵਿਸ਼ੇਸ਼ ‘ਕੋਵਿਡ ਫ਼ਤਿਹ ਪ੍ਰਗਰਾਮ’ ਸ਼ੁਰੂ ਕਰਨ ਲਈ ਕਿਹਾ। ਪਿੰਡਾਂ ’ਚ ਹੈਲਥ ਐਂਡ ਵੈਲਨੈੱਸ ਸੈਂਟਰਜ਼ ਨੂੰ ਕੇਂਦਰ ਬਣਾ ਕੇ ਹੈਲਥ ਅਫ਼ਸਰਾਂ, ਪੰਚਾਇਤਾਂ, ਸਕੂਲ ਅਧਿਆਪਕਾਂ, ਆਂਗਨਵਾੜੀ ਤੇ ਆਸ਼ਾ ਵਰਕਰਾਂ ਰਾਹੀਂ ਲਾਮਬੰਦ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਸਮਾਜਕ ਦੂਰੀ, ਜਨਤਕ ਸਥਾਨਾਂ ’ਤੇ ਭੀੜ ਰੋਕਣ ਤੇ ਨਿਯਮਾਂ ਦੀ ਉਲੰਘਣਾ ਉੱਤੇ ਜੁਰਮਾਨੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਾਬੰਦੀ ਨਾਲ ਕੋਵਿਡ ਕੇਸ ਘੱਟ ਹੋ ਕੇ ਲਗਪਗ 9 ਹਜ਼ਾਰ ਤੋਂ 6 ਹਜ਼ਾਰ ਰਹਿ ਗਏ ਹਨ ਪਰ 9 ਤੋਂ 15 ਮਈ ਤੱਕ ਵਧੀ ਪਾਜ਼ਿਟੀਵਿਟੀ ਦਰ 13.1% ਤੇ ਮੌਤ ਦਰ 2.4% ਰਹਿਣ ਕਾਰਣ ਇਹ ਪਾਬੰਦੀਆਂ ਹੋਰ ਵਧਾਉਣ ਦੀ ਜ਼ਰੂਰਤ ਸੀ।
ਇਨ੍ਹਾਂ ਨੂੰ ਰਾਹਤ ਜਾਰੀ ਰਹੇਗੀ
· ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ; ਜਿਨ੍ਹਾਂ ਵਿੱਚ ਕੈਮਿਸਟ, ਦੁੱਧ, ਬ੍ਰੈੱਡ, ਸਬਜ਼ੀਆਂ, ਫਲ, ਡੇਅਰੀ ਤੇ ਪੋਲਟਰੀ ਪ੍ਰੋਡਕਟ, ਮੋਬਾਇਲ ਰਿਪੇਅਰ ਸ਼ਾਪ।
· ਲੈਬੋਰੇਟਰੀਜ਼, ਨਰਸਿੰਗ ਹੋਮ ਤੇ ਹੋਰ ਮੈਡੀਕਲ ਸੰਸਕਾਨ
· ਰਾਤੀਂ 9 ਵਜੇ ਤੱਕ ਹੋਮ ਡਿਲੀਵਰੀ ਕਰ ਸਕਣਗੇ।
ਇਹ ਪਾਬੰਦੀਆਂ ਵਧਾਈਆਂ ਗਈਆਂ
· ਸ਼ਹਿਰਾਂ ਤੇ ਪਿੰਡਾਂ ’ਚ ਹਰ ਤਰ੍ਹਾਂ ਦੀਆਂ ਗ਼ੈਰ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਬਾਜ਼ਾਰ ਤਿੰਨ ਵਜੇ ਬੰਦ ਹੋਣਗੇ।
· ਰਾਤ ਦਾ ਕਰਫ਼ਿਊ ਸ਼ਾਮੀਂ 5 ਵਜੇ ਤੋਂ ਸਵੇਰੇ 5 ਵਜੇ ਤੱਕ। ਵੀਕਐਂਡ ਕਰਫ਼ਿਊ ਸਨਿੱਚਰਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ।
· ਸਾਰੇ ਸਰਕਾਰੀ ਦਫ਼ਤਰਾਂ ਤੇ ਬੈਂਕਾਂ ਵਿੱਚ 50 ਫ਼ੀਸਦੀ ਹਾਜ਼ਰੀ ਰਹੇਗੀ।
· ਸਾਰੇ ਚੌਪਹੀਆ ਵਾਹਨਾਂ, ਕਾਰ, ਟੈਕਸੀ ’ਚ ਦੋ ਸਵਾਰੀਆਂ ਤੋਂ ਵੱਧ ਨਹੀਂ ਬਿਠਾ ਸਕਣਗੇ, ਇਸ ਵਿੱਚ ਮਰੀਜ਼ਾਂ ਨੂੰ ਰਾਹਤ ਹੋਵੇਗੀ।
· ਦੋ-ਪਹੀਆ ਵਾਹਨਾਂ ਦੇ ਪਿੱਛੇ ਪਰਿਵਾਰ ਦਾ ਇੱਕੋ ਮੈਂਬਰ ਬੈਠ ਸਕੇਗਾ।
· ਵਿਆਹ ਤੇ ਸਸਕਾਰ ’ਚ 10 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਣਗੇ।
· ਪਿੰਡਾਂ ’ਚ ਠੀਕਰੀ ਪਹਿਰਾ ਰਹੇਗਾ।
· ਗੁਰਦੁਆਰਾ, ਮੰਦਰ, ਮਸਜਿਦ ਤੇ ਚਰਚ ਸ਼ਾਮੀਂ 6 ਵਜੇ ਬੰਦ ਹੋ ਜਾਣਗੇ।
· ਸਾਰੇ ਸਕੂਲ, ਬਾਰ, ਸਿਨੇਮਾ ਹਾਲ, ਜਿਮ, ਸਪਾਅ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ।
· ਸਾਰੇ ਰੈਂਸਟੋਰੈਂਟਸ ਤੇ ਹੋਟਲਜ਼, ਕੈਫ਼, ਫ਼ਾਸਟ ਫ਼ੂਡ ਆਊਟਲੈੱਟ ਤੇ ਢਾਬਿਆਂ ਵਿੱਚ ਬੈਠ ਕੇ ਖਾਣਾ ਖਾਣ ’ਤੇ ਰੋਕ ਰਹੇਗੀ। ਉੱਥੋਂ ਖਾਣਾ ਪੈਕ ਕਰਵਾ ਕੇ ਲਿਜਾਂਦਾ ਜਾ ਸਕੇਗਾ।
· ਸਾਰੇ ਹਫ਼ਤਾਵਾਰੀ ਬਾਜ਼ਾਰ ਬੰਦ ਰਹਿਣਗੇ।
· ਹਰ ਕਿਸਮ ਦੇ ਸਮਾਜਕ, ਸਭਿਆਚਾਰਕ ਤੇ ਖੇਡ ਪ੍ਰੋਗਰਾਮ ਨਹੀਂ ਹੋਣਗੇ। ਸਰਕਾਰੀ ਪ੍ਰੋਗਰਾਮ ਨੂੰ ਡੀਸੀ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ।
· ਸਿਆਸੀ ਪਾਰਟੀਆਂ ਦੀਆਂ ਰੈਲੀਆਂ ਉੱਤੇ ਪਾਬੰਦੀ ਰਹੇਗੀ। ਆਯੋਜਕਾਂ ਵਿਰੁੱਧ ਐੱਫ਼ਆਈਆਰ ਦਰਜ ਹੋਵੇਗੀ।
· ਸਾਰੇ ਪ੍ਰਾਈਵੇਟ ਦਫ਼ਤਰਾਂ, ਸਰਵਿਸ ਉਦਯੋਗ, ਆਰਕੀਟੈਕਟ, ਸੀਏ, ਇੰਸ਼ਓਰੈਂਸ ਕੰਪਨੀਆਂ ਵਿੱਚ ਮੁਲਾਜ਼ਮ ‘ਵਰਕ ਫ਼੍ਰੌਮ ਹੋਮ’ ਹੀ ਕਰਨਗੇ।