ਹੁਸ਼ਿਆਰਪੁਰ: ਹੁਸ਼ਿਆਰਪੁਰ 'ਚ ਸਥਾਨਕ ਐਸਡੀ ਕਾਲਜ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਵਿਖੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਵੱਲੋਂ ਦੋਸ਼ ਲਾਇਆ ਗਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਆਏ ਵਜ਼ੀਫ਼ਿਆਂ ਨੂੰ ਕਾਲਜ ਮੈਨੇਜਮੈਂਟ ਵੱਲੋਂ ਕਥਿਤ ਤੌਰ ‘ਤੇ ਕਢਵਾ ਕੇ ਕਾਲਜ 'ਚ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬੀਐਸਸੀ ਨਰਸਿੰਗ ਤੇ ਜੀਐਨਐਮ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਕਾਲਜ ਵੱਲੋਂ ਵਿਦਿਆਰਥਣਾਂ ਨੂੰ ਬੇਵਜ੍ਹਾ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ।


 


ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਦੋਆਬਾ ਜ਼ੋਨ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਕਰੀਬ 40 ਤੋਂ ਵੱਧ ਵਿਦਿਆਰਥਣਾਂ ਨੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਮੰਗ ਪੱਤਰ ਦਿੱਤਾ ਕਿ ਕਾਲਜ ਮੈਨੇਜਮੈਂਟ ਵੱਲੋਂ ਵਿਦਿਆਰਥਣਾਂ ਤੋਂ ਕੀਤੀ ਜਾ ਰਹੀ ਵਜ਼ੀਫ਼ਿਆਂ ਦੀ ਰਕਮ ਦੀ ਮੰਗ ਬੰਦ ਕਰਾਈ ਜਾਵੇ। ਵਿਦਿਆਰਥਣਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਦਿਨਾਂ ‘ਚ ਮਸਲਾ ਸੁਲਝਾਉਣ ਦਾ ਭਰੋਸਾ ਦਿੱਤਾ ਗਿਆ ਹੈ।


 


ਉਨ੍ਹਾਂ ਕਿਹਾ ਕਿ ਬੀਐਸਸੀ ਨਰਸਿੰਗ ਤੇ ਜੀਐਨਐਮ ਦੀਆਂ ਵਿਦਿਆਰਥਣਾਂ ਦੇ ਬੈਂਕ ਖਾਤਿਆਂ ਵਿੱਚ ਕ੍ਰਮਵਾਰ 25,000 ਤੇ 17,000 ਰੁਪਏ ਆਏ ਹਨ ਜੋ ਕਾਲਜ ਵੱਲੋਂ ਕਢਵਾ ਕੇ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਵਜ਼ੀਫ਼ੇ ਦੀ ਇਹ ਰਕਮ ਵਿਦਿਆਰਥਣਾਂ ਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥਣਾਂ ਤੋਂ ਸਿਰਫ ਫ਼ੀਸ ਹੀ ਲਈ ਜਾਵੇ ਜਦਕਿ ਕਾਲਜ ਵੱਲੋਂ ਸਕਾਲਰਸ਼ਿਪ ਵੀ ਲਈ ਜਾ ਰਹੀ ਹੈ।


 


ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਫ਼ਾਈਨ ਵੀ ਪਾਏ ਜਾ ਰਹੇ ਹਨ ਤੇ ਰੋਲ ਨੰਬਰ ਦੇਣ ਲਈ ਵੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਮੈਡੀਕਲ ਛੁੱਟੀ ‘ਤੇ ਵੀ ਫ਼ਾਈਨ ਲਿਆ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਖ਼ਲ ਦੇ ਕੇ ਉਨ੍ਹਾਂ ਦੇ ਹੱਕ ਸੁਰੱਖਿਅਤ ਕੀਤੇ ਜਾਣ ਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ।


 


ਏਡੀਸੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੜਤਾਲ ਉਪਰੰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬਣਦੀ ਲੋੜੀਂਦੀ ਕਾਰਵਾਈ ਹੋਵੇਗੀ।


 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904