ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾ ਨੂੰ ਲੈ ਕੇ ਹਰਿਆਣਾ ਤੇ ਦਿੱਲੀ ‘ਚ ਤਣਾਅ ਵਧ ਗਿਆ ਹੈ। ਵਿਵਾਦ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (anil vij) ਨੇ ਦਿੱਲੀ (Delhi) ਨੂੰ ਸਬਜ਼ੀਆਂ (Vegetables) ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਹਰਿਆਣਾ ਸਰਕਾਰ (Haryana government) ਵੱਲੋਂ ਸਬਜ਼ੀਆਂ ਦੀ ਸਪਲਾਈ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਹੋਰ ਤਾਂ ਹੋਰ ਹਿਮਾਚਲ ਤੋਂ ਜਾਂਦੇ ਸਬਜ਼ੀ ਤੇ ਫਲਾਂ ਦੇ ਟਰੱਕ ਵੀ ਹਰਿਆਣਾ ਵਿੱਚੋਂ ਲੰਘ ਕੇ ਨਹੀਂ ਜਾ ਸਕਣਗੇ। ਹਰਿਆਣਾ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਸੋਨੀਪਤ ਦਫ਼ਤਰ ਵੱਲੋਂ ਇਸ ਸਬੰਧੀ ਵੱਖਰੇ ਆਦੇਸ਼ ਜਾਰੀ ਕੀਤੇ ਗਏ ਹਨ।

ਅਸਲ ‘ਚ ਕੋਰੋਨਾ ਸੰਕਰਮਣ ਨੂੰ ਲੈ ਕੇ ਹਰਿਆਣਾ ਦਾ ਇਲਜ਼ਾਮ ਹੈ ਕਿ ਦਿੱਲੀ ‘ਚ ਸੰਕਰਮਿਤ ਹੋ ਕੇ ਲੋਕ ਇੱਥੇ ਆ ਰਹੇ ਹਨ, ਜਿਸ ਕਾਰਨ ਕੋਰੋਨਾ ਸਕਾਰਾਤਮਕ ਮਾਮਲੇ ਵੱਧ ਰਹੇ ਹਨ। ਦਿੱਲੀ ਸਰਕਾਰ ਨੇ ਹਰਿਆਣਾ ਦੇ ਇਸ ਬਿਆਨ ‘ਤੇ ਜਵਾਬੀ ਹਮਲਾ ਕੀਤਾ। ਦਿੱਲੀ ਮੰਤਰੀ ਮੰਡਲ ਵਿੱਚ ਸੀਨੀਅਰ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਸਿਰਫ ਉਹ ਲੋਕ ਜੋ ਹਰਿਆਣਾ ਦੀ ਸਰਹੱਦ ‘ਤੇ ਰਹਿੰਦੇ ਹਨ, ਉਹ ਦਿੱਲੀ ਵਿੱਚ ਆਉਂਦੇ ਹਨ। ਵੱਡੀ ਗਿਣਤੀ ‘ਚ ਲੋਕ ਦਿੱਲੀ ‘ਚ ਰਹਿੰਦੇ ਹਨ, ਪਰ ਗੁਰੂਗ੍ਰਾਮ ‘ਚ ਕੰਮ ਕਰਦੇ ਹਨ।

ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਲਜ਼ਾਮ ਲਾਇਆ ਸੀ ਕਿ ਦਿੱਲੀ ਵਿੱਚ ਕੰਮ ਕਰਦੇ ਹਜ਼ਾਰਾਂ ਲੋਕ ਰੋਜ਼ਾਨਾ ਆਉਂਦੇ ਹਨ। ਦਿੱਲੀ ਸਰਕਾਰ ਇਨ੍ਹਾਂ ਲੋਕਾਂ ਨੂੰ ਪਾਸ ਜਾਰੀ ਕਰਦੀ ਹੈ। ਇਨ੍ਹਾਂ ‘ਚ ਪੁਲਿਸ ਵਾਲੇ ਵੀ ਸ਼ਾਮਲ ਹਨ। ਇਹ ਲੋਕ ਉਥੋਂ ਸੰਕਰਮਿਤ ਹੋ ਹਰਿਆਣਾ ‘ਚ ਸੰਕਰਮਣ ਫੈਲਾ ਰਹੇ ਹਨ। ਅਜਿਹੀ ਸਥਿਤੀ ਵਿੱਚ ਦਿੱਲੀ ਸਰਕਾਰ ਨੂੰ ਇਸ ਆਵਾਜਾਈ ਨੂੰ ਬੰਦ ਕਰਨਾ ਚਾਹੀਦਾ ਹੈ।

ਹਰਿਆਣਾ ਦੇ ਮੁੱਖ ਸਕੱਤਰ ਨੇ ਇਸ ਬਾਰੇ ਦਿੱਲੀ ਦੇ ਮੁੱਖ ਸਕੱਤਰ ਨਾਲ ਵੀ ਗੱਲਬਾਤ ਕੀਤੀ ਹੈ। ਮਾਮਲੇ ਨੂੰ ਵਧਦਾ ਵੇਖ ਕੇ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਬਿਆਨ ਆਇਆ ਤਾਂ ਹਰਿਆਣਾ ਸਰਕਾਰ ਨੇ ਸੋਨੀਪਤ, ਬਹਾਦੁਰਗੜ੍ਹ, ਗੁਰੂਗ੍ਰਾਮ ਤੇ ਫਰੀਦਾਬਾਦ ਤੋਂ ਦਿੱਲੀ ਜਾਣ ਦੀਆਂ ਸਾਰੀਆਂ ਸਰਹੱਦਾਂ ਸਖ਼ਤੀ ਨਾਲ ਬੰਦ ਕਰ ਦਿੱਤਾ ਹੈ। ਹੁਣ ਗੁਰੂਗ੍ਰਾਮ ਤੇ ਫਰੀਦਾਬਾਦ ਦੇ ਲੋਕਾਂ ਦੀ ਪੂਰੀ ਜਾਂਚ ਤੋਂ ਬਾਅਦ ਹੀ ਆਵਾਜਾਈ ਹੋ ਰਹੀ ਹੈ।