ਮਨਵੀਰ ਕੌਰ ਦੀ ਵਿਸ਼ੇਸ਼ ਰਿਪੋਰਟ
ਚੰਡੀਗੜ੍ਹ: ਵਿਸ਼ਵ ਭਰ ‘ਚ ਕੋਰੋਨਾਵਾਇਰਸ ਕਾਰਨ 88,000 ਲੋਕਾਂ ਦੀ ਮੌਤ ਹੋ ਗਈ ਹੈ। 15 ਲੱਖ ਤੋਂ ਵੱਧ ਸੰਕਰਮਿਤ ਹਨ, ਜਦੋਂਕਿ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਅਮਰੀਕਾ ‘ਚ ਇੱਕ ਦਿਨ ‘ਚ ਕੋਰੋਨਾ ਦੇ 33 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 1,973 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਦੇਸ਼ ‘ਚ ਮੌਤਾਂ ਦਾ ਅੰਕੜਾ ਵਧ ਕੇ 14 ਹਜ਼ਾਰ 795 ਹੋ ਗਿਆ ਹੈ, ਜਦੋਂਕਿ ਚਾਰ ਲੱਖ 35 ਹਜ਼ਾਰ ਸੰਕਰਮਿਤ ਹੋਏ ਹਨ।
ਨਿਊਯਾਰਕ ਟਾਈਮਜ਼ ਮੁਤਾਬਕ, ਕੈਲੀਫੋਰਨੀਆ ਦੇ ਰਾਜਪਾਲ ਗੈਵਿਨ ਨਿਊਸਾਮ ਨੇ ਬੁੱਧਵਾਰ ਨੂੰ ਦੱਸਿਆ ਕਿ ਇੱਥੇ 24 ਘੰਟਿਆਂ ਵਿੱਚ 68 ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 450 ਹੋ ਗਈ ਹੈ। ਰਾਜ ਦੇ ਮੈਡੀਕਲ ਕਰਮਚਾਰੀਆਂ, ਸੁਪਰ ਮਾਰਕੀਟ ਕਰਮਚਾਰੀਆਂ, ਮੋਟਰ ਵਾਹਨ ਵਿਭਾਗ ਦੇ ਕਰਮਚਾਰੀਆਂ ਤੇ ਸੜਕਾਂ 'ਤੇ ਚੱਲਣ ਵਾਲੇ ਕਿਸੇ ਵੀ ਹੋਰ ਕਰਮਚਾਰੀ ਦੇ ਸੁਰੱਖਿਆ ਉਪਕਰਣਾਂ 'ਤੇ 1.4 ਅਰਬ ਡਾਲਰ ਖਰਚ ਕੀਤੇ ਜਾਣਗੇ।
ਨਿਊਯਾਰਕ ‘ਚ ਹੁਣ ਤੱਕ ਇੱਕ ਲੱਖ 51 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਇਹ ਅੰਕੜਾ ਯੂਰਪ ਦੇ ਸਭ ਤੋਂ ਪ੍ਰਭਾਵਤ ਸਪੇਨ, ਇਟਲੀ ਤੇ ਜਰਮਨੀ ਨਾਲੋਂ ਵੀ ਜ਼ਿਆਦਾ ਹੈ। ਇਸ ਦੇ ਨਾਲ ਹੀ ਇੱਥੇ 6,268 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਨਿਊਜਰਸੀ ਦੇ ਗਵਰਨਰ ਫਿਲਿਪ ਮਰਫੀ ਨੇ ਕਿਹਾ- ਇੱਥੇ ਇੱਕ ਦਿਨ ‘ਚ 275 ਲੋਕਾਂ ਦੀ ਮੌਤ ਹੋਈਆਂ, ਇੱਕ ਦਿਨ ਪਹਿਲਾਂ 232 ਲੋਕ ਮਾਰੇ ਗਏ ਸੀ। ਹੁਣ ਤੱਕ ਇੱਥੇ 1504 ਮੌਤਾਂ ਹੋ ਚੁੱਕੀਆਂ ਹਨ। ਉਸੇ ਸਮੇਂ, ਬੁੱਧਵਾਰ ਨੂੰ ਕਨੈਕਟੀਕਟ ਵਿੱਚ 49 ਲੋਕਾਂ ਦੀ ਮੌਤ ਹੋਈ। ਇੱਥੇ ਹੁਣ ਤੱਕ 335 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇੱਕ ਵਿਸ਼ਲੇਸ਼ਣ ਨੇ ਦਿਖਾਇਆ ਕਿ ਕੋਰੋਨਾਵਾਇਰਸ ਦਾ ਅਮਰੀਕਾ ‘ਚ ਰਹਿੰਦੇ ਕਾਲੇ ਲੋਕਾਂ ‘ਤੇ ਵਧੇਰੇ ਪ੍ਰਭਾਵ ਪਿਆ ਸੀ। ਸ਼ਿਕਾਗੋ ਦੀ ਕੁੱਲ ਆਬਾਦੀ ‘ਚ ਅਫਰੀਕੀ-ਅਮਰੀਕੀ 30% ਬਣਦੇ ਹਨ। ਇਨ੍ਹਾਂ ਵਿੱਚੋਂ 68% ਦੀ ਮੌਤ ਕੋਰੋਨਾ ਤੋਂ ਹੋਈ ਹੈ।
ਅਮਰੀਕਾ: ਬਰੁਕਲਿਨ ‘ਚ ਇੱਕ ਘਰ ਦੇ ਬਾਹਰ ਸਟੈਚੂ ਆਫ਼ ਲਿਬਰਟੀ ਨੂੰ ਮਾਸਕ ਪਾਇਆ ਗਿਆ ਹੈ। ਨਿਊਯਾਰਕ ਇੱਥੇ ਸਭ ਤੋਂ ਪ੍ਰਭਾਵਿਤ ਹੈ। ਇੱਥੇ ਇੱਕ ਲੱਖ 51 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹਨ।
ਬ੍ਰਿਟੇਨ: ਬ੍ਰਿਟੇਨ ‘ਚ 24 ਘੰਟਿਆਂ ‘ਚ 938 ਲੋਕਾਂ ਦੀ ਮੌਤ ਹੋ ਗਈ। ਦੇਸ਼ ‘ਚ ਮਰਨ ਵਾਲਿਆਂ ਦੀ ਗਿਣਤੀ ਸੱਤ ਹਜ਼ਾਰ ਤੋਂ ਪਾਰ ਹੋ ਗਈ ਹੈ, ਜਦੋਂ ਕਿ 60 ਹਜ਼ਾਰ 733 ਲੋਕ ਸੰਕਰਮਿਤ ਹਨ। ਇਸ ਦੌਰਾਨ ਕੋਰੋਨਾ ਤੋਂ ਪ੍ਰਭਾਵਿਤ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਜੇ ਵੀ ਆਈਸੀਯੂ ‘ਚ ਹਨ। ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੋਮਵਾਰ ਰਾਤ ਲੰਡਨ ਦੇ ਸੇਂਟ ਥਾਮਸ ਹਸਪਤਾਲ ਦੇ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਸੀ।
ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ ਪਿਕੈਡਿਲੀ ਸਕੁਏਅਰ 'ਤੇ ਲਾਈ ਗਈ ਹੈ। ਇਸ ‘ਚ ਐਤਵਾਰ ਨੂੰ ਦਿੱਤੇ ਗਏ ਰਾਸ਼ਟਰ ਨੂੰ ਉਸ ਦੇ ਸੰਬੋਧਨ ਨਾਲ ਸਬੰਧਤ ਕੁਝ ਚੀਜ਼ਾਂ ਲਿਖੀਆਂ ਹਨ। ਉਨ੍ਹਾਂ ਨੇ ਐਨਐਚਐਸ ਸਿਹਤ ਕਰਮਚਾਰੀਆਂ ਤੇ ਜ਼ਰੂਰੀ ਸੇਵਾਵਾਂ ਵਿੱਚ ਸ਼ਾਮਲ ਕਰਮਚਾਰੀਆਂ ਦਾ ਧੰਨਵਾਦ ਕੀਤਾ ਸੀ।
ਇਟਲੀ: ਬੁੱਧਵਾਰ ਨੂੰ ਇਟਲੀ ‘ਚ 542 ਲੋਕਾਂ ਦੀ ਮੌਤ ਹੋ ਗਈ ਤੇ 3,836 ਲੋਕ ਸੰਕਰਮਤ ਹੋਏ। ਹੁਣ ਤੱਕ 17 ਹਜ਼ਾਰ 669 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸੰਕਰਮਣ ਦੇ ਇੱਕ ਲੱਖ 39 ਹਜ਼ਾਰ ਕੇਸ ਸਾਹਮਣੇ ਆਏ ਹਨ। ਦੇਸ਼ ‘ਚ ਸੰਕਰਮਣ ਦੇ ਮਾਮਲੇ ਵੱਧ ਰਹੇ ਹਨ। ਇਟਲੀ ਯੂਰਪ ਦਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਇੱਥੇ 17 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੀਨ: ਚੀਨ ਵਿੱਚ ਬੁੱਧਵਾਰ ਨੂੰ ਕੋਰੋਨਾ ਨਾਲ ਸਬੰਧਤ 63 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਚੋਂ 61 ਕੇਸ ਦੇਸ਼ ਤੋਂ ਬਾਹਰਲੇ ਲੋਕਾਂ ਦੇ ਹਨ। ਹੁਬੇਈ ਸੂਬੇ ‘ਚ ਬੁੱਧਵਾਰ ਨੂੰ ਦੋ ਮੌਤਾਂ ਹੋਈਆਂ। ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੁੱਲ 17 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਚੀਨ ਦੇ ਸਿਹਤ ਕਮਿਸ਼ਨ ਦੇ ਮੁਤਾਬਕ ਦੇਸ਼ ਵਿੱਚ ਹੁਣ ਤੱਕ 81 ਹਜ਼ਾਰ 865 ਵਿਅਕਤੀ ਸੰਕਰਮਿਤ ਹੋਏ ਹਨ, ਜਦੋਂਕਿ 3,335 ਦੀ ਮੌਤ ਹੋ ਚੁੱਕੀ ਹੈ।
ਰੂਸ: ਰੂਸ ਨੇ ਵਿਦੇਸ਼ਾਂ ‘ਚ ਫਸੇ ਆਪਣੇ 1,211 ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਪਿਛਲੇ ਦੋ ਦਿਨਾਂ ‘ਚ ਅੱਠ ਉਡਾਣਾਂ ਸ਼ੁਰੂ ਕੀਤੀਆਂ। ਬਿਆਨ ‘ਚ ਕਿਹਾ ਗਿਆ ਹੈ ਕਿ 20 ਮਾਰਚ ਤੋਂ ਇੱਕ ਲੱਖ 64 ਹਜ਼ਾਰ 600 ਨਾਗਰਿਕ ਰੂਸ ਪਹੁੰਚੇ ਹਨ। ਦੇਸ਼ ਵਿੱਚ ਹੁਣ ਤੱਕ 8 ਹਜ਼ਾਰ 672 ਵਿਅਕਤੀ ਸੰਕਰਮਿਤ ਹੋਏ ਹਨ, ਜਦੋਂ ਕਿ 63 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
(ਸ੍ਰੋਤ: ਕੌਮਾਂਤਰੀ ਖ਼ਬਰ ਏਜੰਸੀਆਂ ਤੇ ਮੀਡੀਆ ਰਿਪੋਰਟਾਂ)
ਕੋਰੋਨਾ ਨੇ ਤੋੜਿਆ ਅਮਰੀਕਾ ਦਾ ਲੱਕ, ਇੱਕ ਦਿਨ 'ਚ 33 ਹਜ਼ਾਰ ਨਵੇਂ ਕੇਸ, 1,973 ਲੋਕਾਂ ਦੀ ਮੌਤ
ਮਨਵੀਰ ਕੌਰ ਰੰਧਾਵਾ
Updated at:
09 Apr 2020 01:46 PM (IST)
ਵਿਸ਼ਵ ਭਰ ‘ਚ ਕੋਰੋਨਾਵਾਇਰਸ ਕਾਰਨ 88,000 ਲੋਕਾਂ ਦੀ ਮੌਤ ਹੋ ਗਈ ਹੈ। 15 ਲੱਖ ਤੋਂ ਵੱਧ ਸੰਕਰਮਿਤ ਹਨ, ਜਦੋਂਕਿ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਅਮਰੀਕਾ ‘ਚ ਇੱਕ ਦਿਨ ‘ਚ ਕੋਰੋਨਾ ਦੇ 33 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।
- - - - - - - - - Advertisement - - - - - - - - -