ਨਵੀਂ ਦਿੱਲੀ: ਕੋਰੋਨਾ ਸੰਕਟ ਨੇ ਦੇਸ਼ ਦੀ ਆਮ ਜਨਤਾ ਦੇ ਆਮਦਨ-ਖ਼ਰਚ ਉੱਤੇ ਕਿਸ ਤਰ੍ਹਾਂ ਦਾ ਅਸਰ ਪਾਇਆ ਹੈ, ਇਸ ਬਾਰੇ ਹੁਣ ਹੌਲੀ-ਹੌਲੀ ਅੰਕੜੇ ਸਾਹਮਣੇ ਆਉਣ ਲੱਗ ਪਏ ਹਨ। ਇਸ ਦੌਰਾਨ ਲੋਕਾਂ ਦੀ ਬੱਚਤ ਸਮਰੱਥਾ ਘਟੀ ਹੈ ਤੇ ਉਨ੍ਹਾਂ ਉੱਤੇ ਕਰਜ਼ਿਆਂ ਦਾ ਬੋਝ ਵਧਿਆ ਹੈ।


 


ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਅੰਕੜਾ ਦੱਸਦਾ ਹੈ ਕਿ ਜੁਲਾਈ-ਸਤੰਬਰ 2020–21 ’ਚ ਬੱਚਤ ਦੀ ਦਰ ਪਿਛਲੀ ਤਿਮਾਹੀ ਦੇ 21 ਫ਼ੀ ਸਦੀ ਤੋਂ ਘਟ ਕੇ 10.4 ਫ਼ੀਸਦੀ ਉੱਤੇ ਆ ਗਈ ਹੈ। ਇਸ ਦੌਰਾਨ ਕੁੱਲ ਘਰੇਲੂ ਉਤਪਾਦਨ ਦੇ ਮੁਕਾਬਲੇ ਘਰੇਲੂ ਕਰਜ਼ੇ ਦੀ ਦਰ 35.4 ਫ਼ੀਸਦੀ ਤੋਂ ਵਧ ਕੇ 37.1 ਫ਼ੀ ਸਦੀ ਹੋ ਗਈ ਹੈ।


 


RBI ਅਨੁਸਾਰ ਕੋਰੋਨਾ ਦੀ ਸ਼ੁਰੂਆਤ ਮੌਕੇ ਘਰੇਲੂ ਬੱਚਤ ਦੀ ਦਰ ਵਿੱਚ 21 ਫ਼ੀ ਸਦੀ ਵਾਧਾ ਦਰਜ ਹੋਇਆ ਸੀ। ਇਹ ਅੰਕੜਾ ਦੱਸਦਾ ਹੈ ਕਿ ਜਦੋਂ ਔਖੇ ਵੇਲੇ ਦੀ ਸ਼ੁਰੂਆਤ ਹੋਈ, ਤਾਂ ਭਵਿੱਖ ਦੀਆਂ ਅਨਿਸ਼ਚਤਤਾਵਾਂ ਨੂੰ ਵੇਖਦਿਆਂ ਆਪਣੇ ਖ਼ਰਚੇ ਵਿੱਚ ਭਾਰੀ ਕਟੌਤੀ ਕੀਤੀ ਤੇ ਬੱਚਤ ਉੱਤੇ ਜ਼ੋਰ ਦਿੱਤਾ।


 


ਇੱਕੋ ਤਿਮਾਹੀ ਵਿੱਚ ਬੱਚਤ ਦਰ ਘਟ ਕੇ 10 ਫ਼ੀ ਸਦੀ ਦੇ ਨੇੜੇ ਆਉਣ ਦਾ ਮਤਲਬ ਇਹ ਹੈ ਕਿ ਲੋਕਾਂ ਦੀ ਆਮਦਨ ਦੇ ਸਰੋਤ ਘਟੇ ਤੇ ਖ਼ਰਚੇ ਵਧੇ। ਉਂਝ ਹਰ ਸਾਲ ਸਮੀਖਿਆ ਅਧੀਨ ਤਿਮਾਹੀ ਵਿੱਚ ਤਿਉਹਾਰੀ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਚੱਲਦਿਆਂ ਲੋਕ ਖ਼ਰਚ ਜ਼ਿਆਦਾ ਕਰਦੇ ਹਨ। ਇਸ ਦਾ ਬੱਚਤ ਉੱਤੇ ਸਿੱਧਾ ਅਸਰ ਦਿਸਦਾ ਹੈ।


 


ਜਨਵਰੀ 2021 ’ਚ ਸੋਨੇ ਦੇ ਬਦਲੇ ਕਰਜ਼ਾ ਲੈਣ ਵਿੱਚ 132 ਫ਼ੀ ਸਦੀ ਦਾ ਭਾਰੀ ਵਾਧਾ ਹੋਇਆ ਹੈ। ਜਨਵਰੀ 2020 ’ਚ ਸੋਨੇ ਦੇ ਬਦਲੇ ਕਰਜ਼ਾ ਲੈਣ ਦੀ ਦਰ 20 ਫ਼ੀ ਸਦੀ ਸੀ। ਕੁੱਲ ਮਿਲਾ ਕੇ ਬੈਂਕਿੰਗ ਕਰਜ਼ਾ ਵੰਡ ਦੀ ਰਫ਼ਤਾਰ ਫ਼ਰਵਰੀ 2021 ’ਚ ਸਿਰਫ਼ 6.6 ਫ਼ੀ ਸਦੀ ਰਹੀ ਹੈ।


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904