ਮੁੰਬਈ- ਕੋਰੋਨਾ ਵਾਰੀਅਰਜ਼ ਡਾਕਟਰ, ਮੈਡੀਕਲ ਸਟਾਫ ਦੇ ਨਾਲ-ਨਾਲ ਪੁਲਿਸ ਕਰਮਚਾਰੀ ਵੀ ਇਸ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋ ਰਹੇ ਹਨ। ਮੁੰਬਈ ਪੁਲਿਸ ਦੇ ਇੱਕ ਕਾਂਸਟੇਬਲ ਦੀ ਜਾਨਲੇਵਾ ਕੋਰੋਨਾਵਾਇਰਸ ਦੀ ਮਾਰ ਤੋਂ ਬਾਅਦ ਮੌਤ ਹੋ ਗਈ। ਕੋਰੋਨਾ ਤੋਂ ਪੁਲਿਸ ਵਿਭਾਗ ‘ਚ ਇਹ ਪਹਿਲੀ ਮੌਤ ਹੈ।


57 ਸਾਲਾ ਪੁਲਿਸ ਮੁਲਾਜ਼ਮ ਮੁੰਬਈ ਪੁਲਿਸ ‘ਚ ਕਾਂਸਟੇਬਲ ਸੀ। ਕੋਰੋਨਾ ਸੰਕਰਮਣ ਤੋਂ ਬਾਅਦ ਉਸ ਦਾ ਇਲਾਜ ਕਸਤੂਰਬਾ ਹਸਪਤਾਲ ਵਿਖੇ ਚੱਲ ਰਿਹਾ ਸੀ। ਪੁਲਿਸ ਕਾਂਸਟੇਬਲ ਨੂੰ ਕੋਰੋਨਾ ਸੰਕਰਮਣ ਤੋਂ ਬਾਅਦ, ਉਸਦੇ ਨਾਲ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟਿਨ ਕਰ ਦਿੱਤਾ ਗਿਆ ਅਤੇ ਕੋਰੋਨਾ ਟੈਸਟ ਕਰਵਾਇਆ ਗਿਆ ਸੀ।

ਮ੍ਰਿਤਕ ਪੁਲਿਸ ਕਾਂਸਟੇਬਲ 1 ਦਸੰਬਰ 1988 ਨੂੰ ਮੁੰਬਈ ਪੁਲਿਸ ਫੋਰਸ ‘ਚ ਭਰਤੀ ਹੋਇਆ ਸੀ। ਪਰਿਵਾਰ ਦੇ ਕਰੀਬੀ ਦਾ ਕਹਿਣਾ ਹੈ ਕਿ ਜੇ ਸਭ ਕੁਝ ਠੀਕ ਰਹਿੰਦਾ ਤਾਂ, ਲਗਪਗ 33 ਸਾਲਾਂ ਲਈ ਪੁਲਿਸ ਫੋਰਸ ਵਿਚ ਸੇਵਾ ਕਰਨ ਤੋਂ ਬਾਅਦ ਉਹ ਅਗਲੇ ਸਾਲ ਜਨਵਰੀ ‘ਚ ਰਿਟਾਇਰ ਹੋਣ ਜਾ ਰਿਹਾ ਸੀ।

ਦੱਸ ਦੇਈਏ ਕਿ ਰਾਜ ਸਰਕਾਰ ਦੁਆਰਾ 22 ਮਾਰਚ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਪੁਲਿਸ ਦੇ 96 ਪੁਲਿਸ ਮੁਲਾਜ਼ਮਾਂ ਨੂੰ ਕੋਰੋਨਾ ਹੈ, ਜਿਸ ਵਿੱਚ 15 ਅਧਿਕਾਰੀ ਅਤੇ 81 ਜਵਾਨ ਸ਼ਾਮਲ ਹਨ। ਇਸ ਚੋਂ 3 ਅਧਿਕਾਰੀ ਅਤੇ 4 ਜਵਾਨ ਠੀਕ ਹੋ ਗਏ ਹਨ। ਇਸ ਸਮੇਂ ਸੂਬੇ ‘ਚ 89 ਪੁਲਿਸ ਮੁਲਾਜ਼ਮਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਚੋਂ 12 ਅਧਿਕਾਰੀ ਹਨ।