ਦੇਸ਼ 'ਚ ਬੇਕਾਬੂ ਹੋ ਰਹੀ ਕੋਰੋਨਾ ਗਤੀ ਦੇ ਵਿਚਕਾਰ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 146 ਜ਼ਿਲ੍ਹੇ ਵਿਸ਼ੇਸ਼ ਚਿੰਤਾ ਪੈਦਾ ਕਰਨ ਵਾਲੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਕੋਰੋਨਾ 308 ਜ਼ਿਲ੍ਹਿਆਂ ਵਿੱਚ ਕਾਬੂ ਵਿੱਚ ਹੈ। ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਇਸ ਸਮੇਂ ਭਾਰਤ ਵਿੱਚ 21 ਲੱਖ 57 ਹਜ਼ਾਰ ਕੇਸ ਐਕਟਿਵ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਦੋ ਗੁਣਾ ਹੈ।
ਸਿਹਤ ਸਕੱਤਰ ਨੇ ਦੱਸਿਆ ਕਿ ਦੇਸ਼ 'ਚ ਹੁਣ ਤਕ 13 ਕਰੋੜ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ, ਜਿਨ੍ਹਾਂ 'ਚੋਂ 30 ਲੱਖ ਲੋਕਾਂ ਨੂੰ ਪਿਛਲੇ 24 ਘੰਟਿਆਂ ਦੌਰਾਨ ਟੀਕਾ ਲਗਾਇਆ ਗਿਆ ਹੈ। ਹੁਣ ਤੱਕ ਸਿਹਤ ਕਰਮਚਾਰੀਆਂ ਵਿੱਚੋਂ 87 ਪ੍ਰਤੀਸ਼ਤ ਨੂੰ ਟੀਕੇ ਲਗਾਏ ਜਾ ਚੁੱਕੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵੈਕਸੀਨ ਡਰੱਗ ਸਟੋਰਸ ਤੋਂ ਨਹੀਂ ਮਿਲੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਰਾਜਾਂ ਨੂੰ ਟੀਕੇ ਮੁਹੱਈਆ ਕਰਵਾਉਣਾ ਜਾਰੀ ਰੱਖੇਗੀ। ਹਾਲਾਂਕਿ, ਟੀਕਾ ਸਿਰਫ ਸਰਕਾਰੀ ਟੀਕਾਕਰਨ ਕੇਂਦਰਾਂ 'ਤੇ ਉਪਲਬਧ ਹੋਵੇਗਾ। ਮੰਤਰਾਲੇ ਦੁਆਰਾ ਅੱਗੇ ਦੱਸਿਆ ਗਿਆ ਕਿ ਇਹ ਟੀਕਾ ਲਗਵਾਉਣ ਲਈ ਸਾਰੇ ਲੋਕਾਂ ਨੂੰ ਕੋਵਿਨ-ਐਪ 'ਤੇ ਆਪਣਾ ਨਾਮ ਦਰਜ ਕਰਵਾਉਣਾ ਪਏਗਾ।
ਦੇਸ਼ ਵਿਚ ਕੋਵੈਕਸੀਨ ਦੀ 1.1 ਕਰੋੜ ਖੁਰਾਕ ਦਿੱਤੀ ਗਈ, ਜਿਨ੍ਹਾਂ 'ਚੋਂ 4208 ਪਹਿਲੀ ਖੁਰਾਕ ਲੈਣ ਤੋਂ ਬਾਅਦ ਅਤੇ ਦੂਜੀ ਖੁਰਾਕ ਲੈਣ ਤੋਂ ਬਾਅਦ 695 ਪੌਜ਼ੇਟਿਵ ਪਾਏ ਗਏ ਹਨ। ਕੋਵੀਸ਼ਿਲਡ ਵੈਕਸੀਨ ਦੇਸ਼ ਦੇ 11.6 ਕਰੋੜ ਲੋਕਾਂ ਨੂੰ ਦਿੱਤੀ ਗਈ ਸੀ, ਜਿਨ੍ਹਾਂ 'ਚੋਂ 17,145 ਪਹਿਲੀ ਖੁਰਾਕ ਤੋਂ ਬਾਅਦ ਅਤੇ 5014 ਦੂਜੀ ਖੁਰਾਕ ਤੋਂ ਬਾਅਦ ਪੌਜ਼ੇਟਿਵ ਹੋਏ ਹਨ।