ਅੰਮ੍ਰਿਤਸਰ: ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਬੇਵੱਸੀ ਜ਼ਾਹਿਰ ਕੀਤੀ ਹੈ। ਅੰਮ੍ਰਿਤਸਰ 'ਚ ਇੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਓਪੀ ਸੋਨੀ ਨੇ ਮੰਨਿਆ ਕਿ ਪਿਛਲੇ ਕਈ ਦਿਨਾਂ ਕੋਰੋਨਾ ਦੇ ਕੇਸ ਵੱਧ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ 'ਚ ਵੀ ਲਗਾਤਾਰ ਕੋਰੋਨਾ ਪੌਜ਼ੇਟਿਵ ਕੇਸਾਂ 'ਚ ਵਾਧਾ ਹੋ ਰਿਹਾ ਹੈ।


 


ਬੇਵੱਸੀ ਜ਼ਾਹਿਰ ਕਰਦਿਆਂ ਓਪੀ ਸੋਨੀ ਨੇ ਕਿਹਾ 'ਕੀ ਕਰੀਏ', ਲੋਕ ਸਮਝਦੇ ਹੀ ਨਹੀਂ ਜਦਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਰੋਨਾ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਤੇ ਬਚਾਅ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਭੀੜ-ਭਾੜ ਵਾਲੇ ਖੇਤਰਾਂ ਤੇ ਖਾਸਕਰ ਵੱਲਾ ਮੰਡੀ 'ਚ ਲੋਕਾਂ ਵੱਲੋਂ ਮਾਸਕ ਨਾ ਪਹਿਨੇ ਜਾਣ 'ਤੇ ਸਰਕਾਰ ਦੀ ਸਖਤੀ ਬਾਰੇ ਪੁੱਛੇ ਸਵਾਲ 'ਤੇ ਸੋਨੀ ਨੇ ਕਿਹਾ ਕਿ ਸਰਕਾਰ ਲਗਾਤਾਰ ਲੋਕਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੀ ਹੈ।


 


ਸਰਕਾਰ ਦੇ ਵਜ਼ੀਰਾਂ ਵਲੋਂ ਮਾਸਕ ਨਾ ਪਾਉਣ ਦੇ ਸਵਾਲ ਨੂੰ ਟਾਲਦਿਆਂ ਸੋਨੀ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਸਰਕਾਰ ਸੰਜੀਦਾ ਢੰਗ ਨਾਲ ਕੋਰੋਨਾ ਨਾਲ ਨਜਿੱਠਣ 'ਤੇ ਲੱਗੀ ਹੈ। ਓਪੀ ਸੋਨੀ ਅੱਜ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਹੈਰੀਟੇਜ ਸਟ੍ਰੀਟ ਵਿਖੇ ਉਨਾਂ ਦੀ ਪ੍ਰਤਿਮਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸੀ।


 


ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਵੀਕਐਂਡ ਕਰਫਿਊ ਲਾਇਆ ਜਾ ਸਕਦਾ ਹੈ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਹਰ ਹਫ਼ਤੇ ਕੋਰੋਨਾ ਦੀ ਸਮੀਖਿਆ ਕਰਨ ਲਈ ਮੀਟਿੰਗ ਕਰ ਰਹੇ ਹਨ। ਇਸ ਵਾਰ ਬੈਠਕ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਹੈ। ਸਮਾਜਿਕ ਦੂਰੀਆਂ ਪ੍ਰਤੀ ਲੋਕਾਂ ਦੀ ਵੱਧ ਰਹੀ ਅਣਗਹਿਲੀ ਦੇ ਮੱਦੇਨਜ਼ਰ ਸਿਹਤ ਵਿਭਾਗ ਇਸ ਹਫ਼ਤੇ ਤੋਂ ਵੀਕਐਂਡ ਲੌਕਡਾਊਨ ਲਗਾਉਣ ਦੀ ਸਿਫਾਰਸ਼ ਕਰੇਗਾ। ਦੱਸ ਦਈਏ ਕਿ ਇਸ ਸਮੇਂ ਸੂਬੇ ਵਿੱਚ ਰਾਤ ਦਾ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੈ, ਪਰ ਇਹ ਪ੍ਰਭਾਵਸ਼ਾਲੀ ਸਿੱਧ ਨਹੀਂ ਹੋ ਰਿਹਾ।