ਨਵੀਂ ਦਿੱਲੀ: ਦਸੰਬਰ ਦੇ ਅਖੀਰ ‘ਚ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਦੀ ਲਪੇਟ ‘ਚ ਅੱਜ ਪੂਰੀ ਦੁਨੀਆ ‘ਚ ਕਹਿਰ ਮਚਾ ਰੱਖਿਆ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ ‘ਚ ਲੌਕਡਾਊਨ ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਹਨ। ਕਈ ਹਫ਼ਤੇ ਬੀਤਣ ਤੋਂ ਬਾਅਦ ਕਈ ਦੇਸ਼ਾਂ ਦੀਆਂ ਸਰਕਾਰਾਂ ਹੌਲੀ-ਹੌਲੀ ਪਾਬੰਦੀਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੀ ਸਥਿਤੀ ‘ਚ WHO ਨੇ ਚਿਤਾਵਨੀ ਦਿੱਤੀ ਕਿ ਸੰਕਰਮਣ ਅਜੇ ਖ਼ਤਮ ਨਹੀਂ ਹੋਇਆ, ਪਰ ਹੋ ਸਕਦਾ ਹੈ ਕਿ ਇਹ ਦੁਬਾਰਾ ਵਾਪਸ ਆਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੰਗਠਨ ਇਹ ਚਿਤਾਵਨੀ ਦੇ ਚੁੱਕਾ ਹੈ।


ਡਬਲਿਯੂਐਚਓ ਦੇ ਮੁਖੀ ਟੇਡਰੋਸ ਐਡਹਾਨੋਮ ਨੇ ਸਾਲ 1918 ‘ਚ ਫੈਲੇ ਸਪੇਨਿਸ਼ ਫਲੂ ਨਾਲ ਇਸ ਦੀ ਤੁਲਨਾ ਕਰਦਿਆਂ ਕਿਹਾ ਕਿ ਉਹ ਬਿਮਾਰੀ ਤਿੰਨ ਵਾਰ ਵਾਪਸ ਆਈ ਸੀ। ਜਿਵੇਂ ਹੀ ਲੋਕ ਲਾਪਰਵਾਹ ਹੋਣਗੇ, ਕੋਰੋਨਾ ਦਾ ਘਟਦਾ ਕਹਿਰ ਫੇਰ ਵਧੇਗਾ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਵੀ ਹੋਏਗਾ।

ਸਪੇਨਿਸ਼ ਫਲੂ ਕੀ ਸੀ :

ਮਾਰਚ 1918 ‘ਚ ਇਸ ਬਿਮਾਰੀ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਸੀ। ਐਲਬਰਟ ਗਿਚੇਲ ਨਾਂ ਦਾ ਇਹ ਮਰੀਜ਼ ਅਮਰੀਕੀ ਆਰਮੀ ‘ਚ ਕੁੱਕ ਦਾ ਕੰਮ ਕਰਦਾ ਸੀ। ਉਸ ਨੂੰ 104 ਡਿਗਰੀ ਦੇ ਬੁਖਾਰ ਸੀ। ਜੋ ਜਲਦੀ ਹੀ 54 ਹਜ਼ਾਰ ਫ਼ੌਜੀਆਂ ‘ਚ ਫੈਲ ਗਿਆ ਸੀ। ਮਾਰਚ ਦੇ ਅਖੀਰ ਤੱਕ ਹਜ਼ਾਰਾਂ ਫ਼ੌਜੀ ਹਸਪਤਾਲ ਪਹੁੰਚੇ ਤੇ 38 ਫ਼ੌਜੀਆਂ ਦੀ ਗੰਭੀਰ ਨਿਮੋਨੀਆ ਨਾਲ ਮੌਤ ਹੋ ਗਈ ਸੀ।

ਮਾਰਚ ‘ਚ ਪਹਿਲੇ ਪ੍ਰਕੋਪ ਤੋਂ ਬਾਅਦ ਦੂਜਾ ਦੌਰ ਅਗੱਸਤ ‘ਚ ਸ਼ੁਰੂ ਹੋਇਆ। ਕੁਝ ਮਹੀਨਿਆਂ ਬਾਅਦ ਫ਼ਲੂ ਫਿਰ ਵਾਪਸ ਆਇਆ। ਵਿਗਿਆਨੀਆਂ ਨੇ ਇਸ ਨੂੰ ਬੈਕਟੀਰੀਆ ਤੋਂ ਪੈਦਾ ਹੋਈ ਬੀਮਾਰੀ ਮੰਨ ਕੇ ਇਲਾਜ ‘ਚ ਕਰੋੜਾਂ ਰੁਪਏ ਖ਼ਰਚ ਕੀਤੇ, ਪਰ ਇਹ ਬੀਮਾਰੀ ਵਾਇਰਸ ਤੋਂ ਪੈਦਾ ਹੋਈ ਸੀ। ਇਸ ਲਈ ਇਲਾਜ ਨਾ ਹੋ ਸਕਿਆ ਅਤੇ ਮੌਤਾਂ ਹੁੰਦੀਆਂ ਰਹੀਆਂ। ਇਸ ਖ਼ਤਰਨਾਕ ਵਾਇਰਸ ਨੇ 5 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਸੀ।

ਜਿਸ ਤਰ੍ਹਾਂ ਮੌਜੂਦਾ ਸਮੇਂ ਕੋਵਿਡ-19 ਨਾਲ ਮਰਨ ਵਾਲੇ ਲੋਕ ਇੱਕ ਤਰ੍ਹਾਂ ਦੇ ਨਿਮੋਨੀਆ ਨਾਲ ਜੂਝਦੇ ਹਨ। ਸਰੀਰ ‘ਚ ਵਾਇਰਸ ਦੇ ਫੈਲਣ ਕਰਕੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਨਿਮੋਨੀਏ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਬੇਸ਼ੱਕ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਸਪੇਨਿਸ਼ ਫਲੂ ਕਰਕੇ ਹੋਈਆਂ ਮੌਤਾਂ ਨਾਲੋਂ ਕਿਤੇ ਘੱਟ ਹੈ।