ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਲੌਕਡਾਊਨ ਦੌਰਾਨ ਆਮ ਲੋਕਾਂ ਦੀਆਂ ਅੱਖਾਂ ਦੀਆਂ ਨਜ਼ਰਾਂ ਉੱਤੇ ਭੈੜਾ ਅਸਰ ਪੈ ਰਿਹਾ ਹੈ। ਲਗਾਤਾਰ ਸਕ੍ਰੀਨਾਂ ਉੱਤੇ ਨਜ਼ਰਾਂ ਗੱਡੇ ਰੱਖਣ ਕਾਰਣ ਲੋਕਾਂ, ਖ਼ਾਸ ਕਰਕੇ ਬੱਚਿਆਂ ਦੀ ਦੂਰ ਦੀ ਨਜ਼ਰ ਖ਼ਰਾਬ ਹੋ ਰਹੀ ਹੈ। ਇਸ ਸਮੱਸਿਆ ਨੂੰ ਮੈਡੀਕਲ ਭਾਸ਼ਾ ਵਿੱਚ ‘ਮਾਯੋਪੀਆ’ (MYOPIA) ਕਿਹਾ ਜਾਂਦਾ ਹੈ।

 

ਸਕ੍ਰੀਨ ਉੱਤੇ ਨਜ਼ਰ ਆਉਣ ਵਾਲੇ ਟੈਕਸਟ ਉੱਤੇ ਧਿਆਨ ਕੇਂਦ੍ਰਿਤ ਰੱਖਣ ਨਾਲ ਦੂਰ ਦੀ ਨਜ਼ਰ ਅਕਸਰ ਖ਼ਰਾਬ ਹੋ ਜਾਂਦੀ ਹੈ। ਬੱਚਿਆਂ ਦੀ ਨਜ਼ਰ ਉੱਤੇ ਕਾਫ਼ੀ ਭੈੜਾ ਅਸਰ ਪੈਂਦਾ ਹੈ। ਦਰਅਸਲ, ਲੌਕਡਾਊਨ ਕਰਕੇ ਸਕੂਲ ਬੰਦ ਹਨ ਤੇ ਘਰਾਂ ਵਿੱਚ ਹੀ ਆਨਲਾਈਨ ਪੜ੍ਹਾਈ ਹੋ ਰਹੀ ਹੈ, ਘਰਾਂ ਅੰਦਰ ਰਹਿ ਕੇ ਹੀ ਨੌਕਰੀਆਂ ਵਾਲੇ ਕੰਮ ਵੀ ਹੋ ਰਹੇ ਹਨ; ਇਸ ਲਈ ਲਗਭਗ ਸਾਰਾ ਦਿਨ ਹੀ ਕੰਪਿਊਟਰ, ਲੈਪਟੌਪ, ਮੋਬਾਈਲ ਫ਼ੋਨ ਜਾਂ ਟੈਬਲੇਟਸ ਦੀਆਂ ਸਕ੍ਰੀਨਾਂ ਉੱਤੇ ਨਜ਼ਰਾਂ ਗੱਡ ਕੇ ਰੱਖਣੀਆਂ ਪੈਂਦੀਆਂ ਹਨ।

 

ਦਫ਼ਤਰੀ ਡਿਊਟੀਆਂ ਤਾਂ ਅੱਠ ਜਾਂ ਸਾਢੇ ਅੱਠ ਘੰਟੇ ਹੀ ਹੁੰਦੀਆਂ ਹਨ ਪਰ ‘ਵਰਕ ਫ਼੍ਰੌਮ ਹੋਮ’ ਕਈ ਵਾਰ ਨਿਸ਼ਚਤ ਸਮੇਂ ਤੋਂ ਬਾਅਦ ਵੀ ਕਰਦੇ ਰਹਿਣਾ ਪੈਂਦਾ ਹੈ। ਕੋਰੋਨਾ ਲੌਕਡਾਊਨ ਤੇ ਕਰਫ਼ਿਊ ਕਾਰਣ ਉਂਝ ਵੀ ਆਮ ਲੋਕਾਂ ਦਾ ਘਰਾਂ ਤੋਂ ਬਾਹਰ ਜਾਣਾ ਕਾਫ਼ੀ ਘਟਿਆ ਹੋਇਆ ਹੈ। ਇਸੇ ਘਰਾਂ ਅੰਦਰ ਸਕ੍ਰੀਨਾਂ ਉੱਤੇ ਨਜ਼ਰਾਂ ਗੱਡ ਕੇ ਰੱਖਣਾ ਕਈ ਵਾਰ ਮਜਬੂਰੀ ਵੀ ਬਣ ਜਾਂਦੀ ਹੈ।

 

ਅੱਜਕੱਲ੍ਹ ਦੇ ਬੱਚੇ ਆਮ ਤੌਰ ਉੱਤੇ ਕਸਰਤ ਨਹੀਂ ਕਰਦੇ। ਅੱਖਾਂ ਦੀ ਵਰਜ਼ਿਸ਼ ਵੀ ਕਰਨੀ ਚਾਹੀਦੀ ਹੈ, ਉਹ ਤਾਂ ਕਦੇ ਵੀ ਨਹੀਂ ਕਰਦੇ। ਨੀਦਰਲੈਂਡਜ਼ ਤੇ ਚੀਨ ਜਿਹੇ ਦੇਸ਼ਾਂ ਵਿੱਚ ਕੋਵਿਡ-19 ਦੀਆਂ ਪਾਬੰਦੀਆਂ ਕਾਰਣ Myopia ਦੀ ਸਮੱਸਿਆ, ਖ਼ਾਸ ਕਰ ਕੇ ਬੱਚਿਆਂ ਵਿੱਚ ਕਾਫ਼ੀ ਜ਼ਿਆਦਾ ਵਧ ਰਹੀ ਹੈ ਇਸ ਨੂੰ ‘ਕੁਆਰੰਟੀਨ ਮਾਯੋਪੀਆ’ (Quarantine Myopia) ਕਿਹਾ ਜਾਂਦਾ ਹੈ। ਚੀਨ ਦੇ 6 ਤੋਂ 8 ਸਾਲ ਉਮਰ ਵਾਲੇ ਸਕੂਲੀ ਬੱਚਿਆਂ ਵਿੱਚ ਇਹ ਸਮੱਸਿਆ ਕੁਝ ਜ਼ਿਆਦਾ ਪੇਸ਼ ਆ ਰਹੀ ਹੈ।

 

ਬੱਚਿਆਂ ਦੀ ਨਜ਼ਰ ਦੇ ਮਾਮਲੇ ਵਿੱਚ ਅਜਿਹੇ ਅੰਕੜੇ ਕਝ ਡਰਾਉਣੇ ਹਨ। ਪ੍ਰਾਇਮਰੀ ਸਕੂਲ ’ਚ ਪੜ੍ਹਦੇ ਕਿਸੇ ਬੱਚੇ ਨੂੰ ਦੂਰ ਦੀਆਂ ਵਸਤਾਂ ਧੁੰਦਲੀਆਂ ਦਿਸਣਾ ਕੋਈ ਵਧੀਆ ਸੰਕੇਤ ਨਹੀਂ ਹੈ। ਦਰਅਸਲ, ਬੱਚਿਆਂ ਦੀਆਂ ਅੱਖਾਂ ਨੂੰ ਸਕ੍ਰੀਨ ਉੱਤੇ ਨੇੜਿਓਂ ਵਸਤਾਂ ਵੇਖਣ ਦੀ ਆਦਤ ਪੈ ਜਾਂਦੀ ਹੈ ਤੇ ਉਨ੍ਹਾਂ ਨਜ਼ਰ ਉੱਥੇ ਹੀ ਖਲੋ ਜਾਂ ਜਾਮ ਹੋ ਜਾਂਦੀ ਹੈ। ਫਿਰ ਜਦੋਂ ਉਹ ਘਰਾਂ ਤੋਂ ਬਾਹਰ ਨਿੱਕਲਦੇ ਹਨ, ਤਾਂ ਉਨ੍ਹਾਂ ਨੂੰ ਆਪਣੀ ਦੂਰ ਦੀ ਨਜ਼ਰ ਧੁੰਦਲੀ ਜਾਪਦੀ ਹੈ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਦੀ ਪੁਤਲੀ ਬਾਹਰਲੀ ਰੌਸ਼ਨੀ ਮੁਤਾਬਕ ਸੁੰਗੜਦੀ ਜਾਂ ਖੁੱਲ੍ਹਦੀ ਨਹੀਂ।

 

ਬ੍ਰਾਇਨ ਹੋਲਡਨ ਵਿਜ਼ਨ ਇੰਸਟੀਚਿਊਟ ਅਨੁਸਾਰ ਇਸੇ ਸਦੀ ਦੇ ਅੱਧ ਤੱਕ ਭਾਵ 2050 ਤੱਕ ਦੁਨੀਆ ਦੇ ਪੰਜ ਅਰਬ ਲੋਕਾਂ ਦੀ ਦੂਰ ਦੀ ਨਜ਼ਰ ਖ਼ਰਾਬ ਹੋ ਜਾਵੇਗੀ। ਉਦਯੋਗਿਕ ਦੇਸ਼ਾਂ ਵਿੱਚ ਇਹ ਸਮੱਸਿਆ ਕੁਝ ਜ਼ਿਆਦਾ ਹੋਵੇਗੀ। ਉਂਝ ਅਜਿਹਾ ਰੁਝਾਨ ਤਾਂ ਕੋਰੋਨਾ ਵਾਇਰਸ ਦੀ ਲਾਗ ਆਉਣ ਤੋਂ ਪਹਿਲਾਂ ਵੀ ਵੇਖਿਆ ਜਾ ਰਿਹਾ ਸੀ।

 

ਇਸ ਸਮੱਸਿਆ ਤੋਂ ਬਚਾਅ ਲਈ ਬਹੁਤਾ ਲੰਮਾ ਸਮਾਂ ਸਕ੍ਰੀਨ ਉੱਤੇ ਨੇੜਿਓਂ ਨਾ ਵੇਖੋ। ਮਨੁੱਖੀ ਪੁਤਲੀ ਘਰ ਅੰਦਰਲੀ ਰੌਸ਼ਨੀ ਵਿੱਚ ਫੈਲ ਜਾਂਦੀ ਹੈ, ਤਾਂ ਜੋ ਹਨੇਰੇ ਵਿੱਚ ਵੀ ਵਸਤਾਂ ਸਹੀ ਦਿਸਣ ਤੇ ਬਾਹਰਲੀ ਸੂਰਜੀ ਰੌਸ਼ਨੀ ਵਿੱਚ ਪੁਤਲੀ ਸੁੰਗੜ ਜਾਂਦੀ ਹੈ। ਜਦੋਂ ਇਹ ਪੁਤਲੀ ਇੱਕ ਥਾਂ ਜਾਮ ਹੋ ਜਾਂਦੀ ਹੈ, ਤਾਂ ਨਜ਼ਰ ਦੀਆਂ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ।