ਮਹਿਤਾਬ-ਉਦ-ਦੀਨ
ਚੰਡੀਗੜ੍ਹ: ਦੁਨੀਆ ’ਚ ਕੋਰੋਨਾ-ਵਾਇਰਸ ਤੇ ਉਸ ਕਾਰਨ ਲੱਗੇ ਲੌਕਡਾਊਨ ਨੇ ਜਿੰਨਾ ਭਾਰਤੀਆਂ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾਇਆ ਹੈ, ਓਨਾ ਹੋਰ ਕਿਤੇ ਵੀ ਨਹੀਂ ਹੋਇਆ। ਦਰਅਸਲ, ਲੌਕਡਾਊਨ ਕਾਰਨ ਪੜ੍ਹਾਈ, ਕੰਮ (ਵਰਕ ਫ਼੍ਰੌਮ ਹੋਮ) ਤੇ ਮਨੋਰੰਜਨ ਸਭ ਕੁਝ ਆਨਲਾਈਨ ਹੋ ਗਿਆ ਹੈ; ਇਸੇ ਲਈ ਦੇਸ਼ ਦੀ 23% ਆਬਾਦੀ ਭਾਵ 27.5 ਕਰੋੜ ਲੋਕਾਂ ਨੇ ਆਪਣੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਦੀ ਸ਼ਿਕਾਇਤ ਕੀਤੀ ਹੈ। ਉਹ ਖ਼ੁਦ ਮੰਨਦੇ ਹਨ ਕਿ ਅਜਿਹਾ ਸਕ੍ਰੀਨਾਂ ਦੇ ਸਾਹਮਣੇ ਵਧੇਰੇ ਸਮਾਂ ਬੈਠਣ ਕਰਕੇ ਹੋਇਆ ਹੈ।

 
ਇੱਕ ਅਧਿਐਨ ਅਨੁਸਾਰ ਭਾਰਤੀਆਂ ਦੀਆਂ ਅੱਖਾਂ ਦੀ ਜੋਤ ਘਟਣ ਦਾ ਕਾਰਣ ਸਕ੍ਰੀਨਾਂ ਨੂੰ ਲਗਾਤਾਰ ਵੇਖਣਾ ਤਾਂ ਹੈ ਹੀ ਪਰ ਉਸ ਦੇ ਨਾਲ ਚਿੱਟਾ ਮੋਤੀਆਬਿੰਦ, ਕਾਲਾ ਮੋਤੀਆਬਿੰਦ ਤੇ ਵਧਦੀ ਉਮਰ ਕਾਰਨ ਮੈਕਿਯੂਲਰ ਖੋਰੇ ਕਾਰਨ ਵੀ ਅੱਖਾਂ ਖ਼ਰਾਬ ਹੋ ਰਹੀਆਂ ਹਨ।

 
ਸਾਲ 2020 ਦੌਰਾਨ ਭਾਰਤ ਵਿੱਚ ਪ੍ਰਤੀ ਯੂਜ਼ਰ ਔਸਤਨ ਸਕ੍ਰੀਨ ਟਾਈਮ 6 ਘੰਟੇ 36 ਮਿੰਟ ਸੀ, ਜੋ ਕਈ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਸੀ ਪਰ ਫਿਰ ਵੀ ਇਸ ਨੇ ਦੇਸ਼ ਦੀ ਵੱਡੀ ਆਬਾਦੀ ਦੀਆਂ ਅੱਖਾਂ ਉੱਤੇ ਮਾੜਾ ਅਸਰ ਪਾਇਆ ਹੈ। ਦੋ ਦਰਜਨ ਤੋਂ ਵੱਧ ਹੋਰ ਦੇਸ਼ ਅਜਿਹੇ ਹਨ, ਜਿੱਥੇ ਲੋਕ ਭਾਰਤੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਕ੍ਰੀਨਾਂ ਅੱਗੇ ਬੈਠੇ ਰਹਿੰਦੇ ਹਨ।

ਪਿਛਲੇ ਵਰ੍ਹੇ ਫ਼ਿਲੀਪੀਨਜ਼ ਵਿੱਚ ਲੋਕਾਂ ਨੇ 10 ਘੰਟੇ 56 ਮਿੰਟ ਸਕ੍ਰੀਨਾਂ ਵੇਖੀਆਂ, ਬ੍ਰਾਜ਼ੀਲ ਵਿੱਚ ਇਹ ਸਮਾਂ 10 ਘੰਟੇ 8 ਮਿੰਟ, ਦੱਖਣੀ ਅਫ਼ਰੀਕਾ ’ਚ 10 ਘੰਟੇ 6 ਮਿੰਟ ਅਮਰੀਕਾ ਵਿੱਚ 7 ਘੰਟੇ 11 ਮਿੰਟ ਤੇ ਨਿਊ ਜ਼ੀਲੈਂਡ ’ਚ 6 ਘੰਟੇ 39 ਮਿੰਟ ਹੈ। ਭਾਰਤ ਵਿੱਚ ਭਾਵੇਂ ਇਹ ਸਮਾਂ ਘੱਟ ਹੈ ਪਰ ਇਸ ਕਾਰਣ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਅੱਖਾਂ ਦੀਆਂ ਨਜ਼ਰਾਂ ਉੱਤੇ ਇੰਨਾ ਜ਼ਿਆਦਾ ਭੈੜਾ ਅਸਰ ਪਿਆ ਹੈ।

 
ਅਧਿਐਨ ਅਨੁਸਾਰਾ ਲੌਕਡਾਊਨਜ਼ ਤੇ ਸਮਾਜਕ-ਦੂਰੀਆਂ ਬਣਾ ਕੇ ਰੱਖਣ ਕਾਰਣ ਲੋਕਾਂ ਨੇ ਸਕ੍ਰੀਨਾਂ ਅੱਗੇ ਬੈਠਣਾ ਵਧੇਰੇ ਪਸੰਦ ਕੀਤਾ। ਇੰਗਲੈਂਡ ਦੀ ਸੰਸਥਾ ‘ਫ਼ੀਲ ਗੁੱਡ ਕੌਂਟੈਕਟਸ’ ਨੇ ਲਾਂਸੈੱਟ ਗਲੋਬਲ ਹੈਲਥ, WHO (ਵਿਸ਼ਵ ਸਿਹਤ ਸੰਗਠਨ) ਅਤੇ ਸਕ੍ਰੀਨਟਾਈਮ ਟ੍ਰੈਕਰ ਡਾਟਾ–ਰੀਪੋਰਟਲ (Data-Reportal) ਜਿਹੇ ਵੱਖੋ-ਵੱਖਰੇ ਸਰੋਤਾਂ ਤੋਂ ਅੰਕੜੇ ਇਕੱਠੇ ਕਰ ਕੇ ਰਿਪੋਰਟ ਪੇਸ਼ ਕੀਤੀ ਹੈ।

 

ਭਾਰਤ ’ਚ ਆਬਾਦੀ ਦੇ ਵੱਡੇ ਆਕਾਰ ਅਤੇ ਉਸ ਦੀ ਘਣਤਾ ਨੇ ਵੀ ਵੱਡਾ ਅਸਰ ਪਾਇਆ ਹੈ। ਭਾਰਤੀ ਭਾਵੇਂ ਆੱਨਲਾਈਨ ਘੱਟ ਘੰਟੇ ਬਿਤਾਉਦੇ ਹਨ ਪਰ ਉਨ੍ਹਾਂ ਦੀ ਨਜ਼ਰ ਦਾ ਹੋਣ ਵਾਲਾ ਨੁਕਸਾਨ ਜ਼ਿਆਦਾ ਹੈ। ‘ਦਿ ਟਾਈਮਜ਼ ਆੱਫ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਪੰਕਜ ਡੋਵਾਲ ਦੀ ਰਿਪੋਰਟ ਅਨੁਸਾਰ ਦੇਸ਼ ਦੀ 14.1% ਆਬਾਦੀ ਭਾਵ 27.4 ਕਰੋੜ ਲੋਕਾਂ ਨੇ ਸਿਰਫ਼ 5 ਘੰਟੇ 22 ਮਿੰਟ ਤੱਕ ਸਕ੍ਰੀਨ ਸਾਹਮਣੇ ਸਮਾਂ ਬਿਤਾਇਆ ਪਰ ਫਿਰ ਵੀ ਉਨ੍ਹਾਂ ਦੀਆਂ ਅੱਖਾਂ ਉੱਤੇ ਵਧੇਰੇ ਅਸਰ ਪਿਆ।