ਨਵੀਂ ਦਿੱਲੀ: ਵਿਰੋਧੀ ਧਿਰ ਵੀ ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦੀ ਵਧਾਈ ਦੇ ਰਹੀ ਹੈ। ਚੋਣਾਂ 'ਚ ਇੱਕ ਵੀ ਸੀਟ ਹਾਸਲ ਨਾ ਕਰਨ ਵਾਲੀ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਆਮ ਆਦਮੀ ਪਾਰਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦਿੱਲੀ ਦਾ ਨਤੀਜਾ ਵਿਰੋਧੀ ਧਿਰ ਨੂੰ ਉਤਸ਼ਾਹਤ ਕਰ ਰਿਹਾ ਹੈ। ਚਿਦੰਬਰਮ ਦੇ ਟਵੀਟ 'ਤੇ ਸੀਨੀਅਰ ਕਾਂਗਰਸੀ ਨੇਤਾ ਸ਼ਰਮਿਸ਼ਠਾ ਮੁਖਰਜੀ ਨੇ ਪੁੱਛਿਆ ਹੈ ਕਿ ਕੀ ਕਾਂਗਰਸ ਨੂੰ ਦੁਕਾਨ ਬੰਦ ਕਰਨੀ ਚਾਹੀਦੀ ਹੈ?


ਚਿਦੰਬਰਮ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂਸ਼ਰਮਿਸ਼ਠਾ ਮੁਖਰਜੀ ਨੇ ਪੁੱਛਿਆ, "ਚਿਦੰਬਰਮ ਸਰ, ਸਤਿਕਾਰ ਦੇ ਨਾਲ, ਮੈਂ ਬਸ ਇਹ ਜਾਨਣਾ ਚਾਹੁੰਦਾ ਹਾਂ ਕਿ ਕੀ ਕਾਂਗਰਸ ਨੇ ਸੂਬਿਆਂ 'ਚ ਭਾਜਪਾ ਨੂੰ ਹਰਾਉਣ ਦਾ ਕੰਮ ਆਉਟਸੋਰਸ ਕਰ ਦਿੱਤਾ ਹੈ? ਜੇ ਨਹੀਂ, ਤਾਂ ਅਸੀਂ ਆਪਣੀ ਹਾਰ ਦੀ ਬਜਾਏ ਆਪ ਦੀ ਜਿੱਤ 'ਤੇ ਕਿਉਂ ਮਾਣ ਕਰ ਰਹੇ ਹਾਂ? ਅਤੇ ਜੇ ਆਉਟਸੋਰਸ ਕੀਤਾ ਜਾਂਦਾ ਹੈ, ਸਾਨੂੰ (ਪੀ.ਸੀ.ਸੀ.) ਆਪਣੀ ਦੁਕਾਨ ਬੰਦ ਕਰ ਦੇਣੀ ਚਾਹੀਦੀ ਹੈ।"

ਚਿਦੰਬਰਮ ਨੇ ਕੀ ਕੀਤਾ ਸੀ ਟਵੀਟ?


ਪੀ ਚਿਦੰਬਰਮ ਨੇ ਕਿਹਾ ਸੀ, "ਆਪ ਦੀ ਜਿੱਤ, ਮੂਰਖ ਬਣਾਉਣ ਅਤੇ ਗੱਪ ਮਾਰਣ ਵਾਲੇ ਹਾਰ ਗਏ।" ਭਾਰਤ ਦੇ ਸਾਰੇ ਹਿੱਸਿਆਂ ਤੋਂ ਆਏ ਦਿੱਲੀ ਦੇ ਲੋਕਾਂ ਨੇ ਭਾਜਪਾ ਦੇ ਧਰੁਵੀਕਰਨ, ਵੰਡ ਅਤੇ ਖ਼ਤਰਨਾਕ ਏਜੰਡੇ ਨੂੰ ਹਰਾ ਦਿੱਤਾ। ਮੈਂ ਦਿੱਲੀ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ 2021 ਅਤੇ 2022 'ਚ ਦੂਜੇ ਸੂਬਿਆਂ (ਜਿੱਥੇ ਚੋਣਾਂ ਹੋਣੀਆਂ ਹਨ) ਲਈ ਇੱਕ ਮਿਸਾਲ ਕਾਇਮ ਕੀਤੀ ਹੈ।”

ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਕਈ ਸੀਨੀਅਰ ਨੇਤਾਵਾਂ ਨੇ ਕਾਂਗਰਸ ਪਾਰਟੀ ਦੀ ਇਸ ਹਾਰ ‘ਤੇ ਪਾਰਟੀ ਦੀ ਰਣਨੀਤੀ ‘ਤੇ ਸਵਾਲ ਖੜੇ ਕੀਤੇ ਸੀ। ਇਸ ਤੋਂ ਪਹਿਲਾਂ ਸ਼ਰਮਿਸ਼ਠਾ ਮੁਖਰਜੀ ਕਹਿ ਚੁਕੇ ਹਨ ਕਿ ਭਾਜਪਾ ਪੱਖਪਾਤ ਕਰ ਰਹੀ ਹੈ ਅਤੇ ਕੇਜਰੀਵਾਲ ‘ਚੁਸਤ ਰਾਜਨੀਤੀ’ ਕਰ ਰਹੇ ਹਨ, ਅਸੀਂ ਕੀ ਕਰ ਰਹੇ ਹਾਂ?