ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 21 ਜਨਵਰੀ ਹੈ। ਹੁਣ ਤਕ 200 ਤੋਂ ਵੱਧ ਉਮੀਦਵਾਰਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਕਾਂਗਰਸ ਤੇ ਭਾਜਪਾ ਨੇ ਅਜੇ ਤੱਕ ਆਪਣੇ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ, ਜਦੋਂਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਸਾਰੀਆਂ 70 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।

2015 ਦੀਆਂ ਵਿਧਾਨ ਸਭਾ ਚੋਣਾਂ 'ਚ ਕੇਜਰੀਵਾਲ ਦਾ ਅਜਿਹਾ ਝੱਖੜ ਝੁੱਲਿਆ ਕਿ 673 ਉਮੀਦਵਾਰ ਮੈਦਾਨ 'ਚ ਉੱਤਰੇ ਤੇ ਉਨ੍ਹਾਂ ਵਿੱਚੋਂ 525 ਆਪਣੀ ਜ਼ਮਾਨਤ ਦੀ ਰਾਸ਼ੀ ਵੀ ਨਹੀਂ ਬਚਾ ਸਕੇ। 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਕਰੀਬਨ 78 ਪ੍ਰਤੀਸ਼ਤ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ। ਚੋਣ ਕਮਿਸ਼ਨ ਦੀ ਜਾਣਕਾਰੀ ਮੁਤਾਬਕ 2015 '606 ਮਰਦ, 66 ਔਰਤਾਂ ਤੇ ਇੱਕ ਤੀਜੀ ਲਿੰਗ ਦੇ ਉਮੀਦਵਾਰ ਮੈਦਾਨ 'ਚ ਉੱਤਰੇ ਸੀ। 2015 '64 ਪੁਰਸ਼ ਉਮੀਦਵਾਰ ਤੇ 6 ਔਰਤ ਉਮੀਦਵਾਰ ਜਿੱਤੇ ਸੀ।

ਦਿੱਲੀ ਵਿਧਾਨ ਸਭਾ ਚੋਣਾਂ ਲੜਨ ਲਈ ਉਮੀਦਵਾਰਾਂ ਨੂੰ 10,000 ਰੁਪਏ ਦੀ ਸਿਕਿਓਰਿਟੀ ਜਮ੍ਹਾ ਕਰਵਾਉਣੀ ਪਵੇਗੀ। ਹਾਲਾਂਕਿ ਰਿਜ਼ਰਵ ਸੀਟਾਂ 'ਤੇ ਜ਼ਮਾਨਤ ਦੀ ਰਕਮ ਪੰਜ ਹਜ਼ਾਰ ਰੁਪਏ ਹੈ। ਜਿਹੜਾ ਵੀ ਉਮੀਦਵਾਰ ਕੁੱਲ ਪਈਆਂ ਵੋਟਾਂ ਦਾ 1/6 ਪ੍ਰਤੀਸ਼ਤ ਪ੍ਰਾਪਤ ਨਹੀਂ ਕਰਦਾ, ਉਸ ਦੀ ਜ਼ਮਾਨਤ ਰਾਸ਼ੀ ਜ਼ਬਤ ਕਰ ਲਈ ਜਾਂਦੀ ਹੈ।