Delhi Air Pollution: ਮੀਂਹ ਤੋਂ ਬਾਅਦ ਵੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧਦਾ ਜਾ ਰਿਹਾ ਹੈ। ਇਸ ਨੂੰ ਰੋਕਣ ਲਈ, ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਹੁਣ ਦਿੱਲੀ-ਐਨਸੀਆਰ ਵਿੱਚ ਲਾਗੂ ਹੋਣ ਜਾ ਰਿਹਾ ਹੈ। ਅਜਿਹੇ 'ਚ ਇਨ੍ਹਾਂ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ ਕਿ ਵਾਹਨਾਂ 'ਚੋਂ ਨਿਕਲਣ ਵਾਲੇ ਧੂੰਏਂ ਨੂੰ ਰੋਕਿਆ ਜਾ ਸਕੇ। ਜੇ ਤੁਸੀਂ ਆਪਣੇ ਵਾਹਨ ਦਾ ਪ੍ਰਦੂਸ਼ਣ ਟੈਸਟ ਨਹੀਂ ਕੀਤਾ ਹੈ ਜਾਂ ਤੁਹਾਡੇ ਕੋਲ ਵੈਧ PUC ਨਹੀਂ ਹੈ, ਤਾਂ ਇਸਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਕਰਵਾ ਲਓ। ਨਹੀਂ ਤਾਂ ਤੁਹਾਨੂੰ 1 ਅਕਤੂਬਰ ਤੋਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਕੱਟਿਆ ਜਾਵੇਗਾ ਚਲਾਣ


ਟਰਾਂਸਪੋਰਟ ਵਿਭਾਗ ਦੇ ਸੰਯੁਕਤ ਕਮਿਸ਼ਨਰ ਨਵਲੇਂਦਰ ਕੁਮਾਰ ਸਿੰਘ ਨੇ ਕਿਹਾ ਕਿ ਜੇ ਕੋਈ ਜਾਇਜ਼ ਪੀ.ਯੂ.ਸੀ ਨਹੀਂ ਹੈ ਤਾਂ 10 ਹਜ਼ਾਰ ਦਾ ਚਲਾਨ ਕੱਟਿਆ ਜਾਵੇਗਾ। ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ 15 ਹਜ਼ਾਰ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਵਾਹਨਾਂ ਦੇ ਪ੍ਰਦੂਸ਼ਣ ਦੀ ਜਾਂਚ ਨਹੀਂ ਕਰਵਾਈ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ 15 ਦਿਨਾਂ ਦੇ ਅੰਦਰ ਵਾਹਨਾਂ ਦੀ ਪ੍ਰਦੂਸ਼ਣ ਜਾਂਚ ਨਾ ਕਰਵਾਈ ਤਾਂ ਉਨ੍ਹਾਂ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਟੀਮਾਂ ਰੋਜ਼ਾਨਾ ਸੜਕਾਂ 'ਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੀਆਂ ਹਨ।


ਪੁਰਾਣੇ ਵਾਹਨ ਸਕਰੈਪ ਲਈ ਭੇਜੇ ਜਾਣਗੇ


ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੇ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਅਜੇ ਤੱਕ ਸਕ੍ਰੈਪ ਨਹੀਂ ਕਰਵਾਇਆ, ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰਾਂਸਪੋਰਟ ਵਿਭਾਗ ਦੀਆਂ ਟੀਮਾਂ ਅਜਿਹੇ ਵਾਹਨਾਂ ਨੂੰ ਸੜਕ 'ਤੇ ਨਹੀਂ ਚੱਲਣ ਦੇਣਗੀਆਂ। ਇੰਨਾ ਹੀ ਨਹੀਂ ਜੇਕਰ ਅਜਿਹੇ ਵਾਹਨ ਜਨਤਕ ਪਾਰਕਿੰਗ ਵਿੱਚ ਖੜ੍ਹੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਥੋਂ ਚੁੱਕ ਕੇ ਸਕਰੈਪ ਲਈ ਭੇਜਿਆ ਜਾਵੇਗਾ। ਅਜਿਹੀ ਅਚਨਚੇਤ ਚੈਕਿੰਗ ਸਮੇਂ-ਸਮੇਂ 'ਤੇ ਕੀਤੀ ਜਾਵੇਗੀ।
ਹੁਣ ਤੱਕ ਹੋਈ ਕਾਰਵਾਈ


ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ 1 ਜਨਵਰੀ ਤੋਂ 20 ਸਤੰਬਰ ਤੱਕ ਇਨਫੋਰਸਮੈਂਟ ਟੀਮਾਂ ਨੇ 15,523 ਵਾਹਨਾਂ ਦੇ ਚਲਾਨ ਕੱਟੇ ਹਨ। ਇਸ ਦੇ ਨਾਲ ਹੀ 5,596 ਪੁਰਾਣੇ ਵਾਹਨ ਜ਼ਬਤ ਕਰਕੇ ਸਕਰੈਪ ਲਈ ਭੇਜੇ ਗਏ ਹਨ। ਇਸ ਤੋਂ ਇਲਾਵਾ ਬਿਨਾਂ ਢਕੇ ਉਸਾਰੀ ਸਮੱਗਰੀ ਲਿਜਾ ਰਹੇ 50 ਵਾਹਨ ਵੀ ਜ਼ਬਤ ਕੀਤੇ ਗਏ ਹਨ।


ਦੱਸਣਯੋਗ ਹੈ ਕਿ ਮਾਨਸੂਨ ਦੇ ਹਟਣ ਤੋਂ ਬਾਅਦ ਦਿੱਲੀ ਦੀ ਹਵਾ 'ਚ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਮੀਂਹ ਤੋਂ ਬਾਅਦ ਵੀ ਏਅਰ ਕੁਆਲਿਟੀ ਇੰਡੈਕਸ 100 'ਤੇ ਬਣਿਆ ਹੋਇਆ ਹੈ।