ਨਵੀਂ ਦਿੱਲੀ: 26 ਜਨਵਰੀ 'ਤੇ ਟਰੈਕਟਰ ਪਰੇਡ ਦੌਰਾਨ ਹਿੰਸਾ ਤੋਂ ਬਾਅਦ ਅੱਜ ਦਿੱਲੀ ਪੁਲਿਸ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਹਿੰਸਾ ਕਰਨ ਵਾਲਿਆਂ ਦੀ ਵੀਡੀਓ ਫੁਟੇਜ ਖੰਗਾਲੀ ਜਾ ਰਹੀ ਹੈ। ਵੀਡੀਓ 'ਚ ਚਿਹਰੇ ਪਛਾਣ ਕੇ ਹਿੰਸਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਹਿੰਸਾ 'ਚ ਸ਼ਾਮਿਲ ਕਿਸੇ ਵੀ ਮੁਲਜ਼ਮ ਨੂੰ ਛੱਡਿਆ ਨਹੀਂ ਜਾਵੇਗਾ। ਕਿਸਾਨ ਲੀਡਰਾਂ ਦੀ ਸ਼ਮੂਲੀਅਤ ਪਾਏ ਜਾਣ 'ਤੇ ਕਾਰਵਾਈ ਕੀਤੀ ਜਾਵੇਗੀ। ਦਿੱਲੀ ਪੁਲਿਸ ਕਿਸਾਨ ਜਥੇਬੰਦੀਆਂ ਤੋਂ ਪੁੱਛਗਿੱਛ ਕਰੇਗੀ। ਉਨ੍ਹਾਂ ਦੱਸਿਆ ਕਿ 25 ਤੋਂ ਵੱਧ ਕ੍ਰਿਮੀਨਲ ਕੇਸ ਦਰਜ ਕੀਤੇ ਗਏ ਹਨ। 19 ਲੋਕਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਤੇ 50 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

ਇਸ ਦੌਰਾਨ ਪੱਤਰਕਾਰਾਂ ਵਲੋਂ ਜਦ ਦੀਪ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਪੁਲਿਸ ਕਮਿਸ਼ਨਰ ਨੇ ਦੀਪ ਸਿੱਧੂ ਵਾਲੇ ਸਵਾਲ ਦਾ ਜਵਾਬ ਹੀ ਨਹੀਂ ਦਿੱਤਾ। ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਜਾਰੀ ਰੱਖਦਿਆਂ ਕਿਹਾ ਕਿ 25 ਤਰੀਕ ਦੀ ਸ਼ਾਮ ਨੂੰ ਹੀ ਕਿਸਾਨ ਸ਼ਰਤਾਂ ਤੋਂ ਮੁਕਰ ਗਏ। ਕਿਸਾਨ ਦਿੱਲੀ 'ਚ ਟਰੈਕਟਰ ਮਾਰਚ ਲਈ ਅੜੇ ਰਹੇ। ਇੰਨਾ ਹੀ ਨਹੀਂ 12 ਵਜੇ ਕਿਸਾਨ ਰੈਲੀ ਸ਼ੁਰੂ ਕਰਨ ਦੀ ਸ਼ਰਤ ਸੀ। ਤਿੰਨ ਰੂਟਸ ‘ਤੇ ਕਿਸਾਨ ਪਰੇਡ ਕੱਢਣ ਬਾਰੇ ਤੈਅ ਹੋਇਆ ਸੀ। ਪਰ ਕਿਸਾਨਾਂ ਨੇ ਸ਼ਰਤਾਂ ਨੂੰ ਨਹੀਂ ਮੰਨਿਆ।ਕਿਸਾਨਾਂ ਨੇ ਤੈਅ ਰੂਟ ਦੀ ਅਣਦੇਖੀ ਕੀਤੀ ਹੈ। ਤੇ ਹਿੰਸਾ ਸ਼ਰਤਾਂ ਨਾ ਮੰਨਣ ਕਰਕੇ ਹੋਈ ਹੈ।


ਪੁਲਿਸ ਕਮਿਸ਼ਨਰ ਨੇ ਕਿਹਾ ਸਤਨਾਮ ਸਿੰਘ ਪੰਨੂ ਨੇ ਭੜਕਾਊ ਭਾਸ਼ਨ ਦਿੱਤਾ ਸੀ। ਪੁਲਿਸ ਨੇ ਜਾਨੀ ਨੁਕਸਾਨ ਬਚਾਉਣ ਲਈ ਸਬਰ ਦਾ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਹਿੰਸਾ ਦੇ ਵਿੱਚ ਕਿਸਾਨ ਲੀਡਰ ਵੀ ਸ਼ਾਮਿਲ ਸੀ। ਲਾਲ ਕਿਲ੍ਹੇ 'ਤੇ ਫਹਿਰਾਏ ਗਏ ਝੰਡੇ ਦਾ ਮਾਮਲਾ ਗੰਭੀਰ ਹੈ। ਉਨ੍ਹਾਂ ਦੱਸਿਆ ਕਿ 394 ਪੁਲਿਸ ਮੁਲਾਜ਼ਮ ਜਖ਼ਮੀ ਹੋਏ ਹਨ। 28 ਬੈਰੀਕੇਡ, 30 ਪੁਲਿਸ ਦੀਆਂ ਗੱਡੀਆਂ ਤੋੜੀਆਂ ਗਈਆਂ। ਪੁਲਿਸ ਵੱਲੋਂ ਭੀੜ ਖਿਦੇੜਣ ਲਈ ਹੰਝੂ ਗੈਸ ਦਾ ਇਸਤੇਮਾਲ ਕੀਤਾ ਗਿਆ। ਦਿੱਲੀ 'ਚ ਗੈਰ ਕਨੂੰਨੀ ਤਰੀਕੇ ਨਾਲ ਹੋਏ ਅੰਦੋਲਨ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।