ਚਿਨਿਓਟ (ਅਸ਼ਰਫ ਢੁੱਡੀ): ਆਧੁਨਿਕ ਜ਼ਮਾਨੇ 'ਚ ਭਾਵੇਂ ਬੱਚੇ ਪਬ-ਜੀ ਗੇਮ ਦੇ ਸ਼ੋਕੀਨ ਹੋ ਗਏ ਹਨ ਪਰ ਰੰਗ ਬਿਰੰਗੇ ਲਾਟੂਆਂ ਦੀ ਖੇਡ ਅਤੇ ਕਲਾ ਅਜ ਵੀ ਪਾਕਿਸਤਾਨ 'ਚ ਬਾਦਸਤੁਰ ਜ਼ਿੰਦਾ ਹੈ। ਆਜ਼ਾਦੀ ਤੋਂ ਪਹਿਲਾਂ ਦੇ ਹਿੰਦੋਸਤਾਨ 'ਚ ਬਚਪਨ ਦੀ ਪਿਆਰੀ ਖੇਡ ਲਾਟੂ ਦੇ ਕਾਰੀਗਰ ਅਜ ਵੀ ਇਸ ਕਲਾ ਨੂੰ ਜਿੰਦਾ ਰਖੀ ਬੈਠੇ ਹਨ। ਰੰਗ ਬਿਰੰਗੇ ਲਾਟੁ ਬਣਾਉਣ ਵਾਲਾ ਰੰਗੀਲਾ ਲਾਟੂਆਂ ਵਾਲਾ (ਮਹਿਮੂਦ ਅਹਿਮਦ) ਪਿਛਲੇ 40 ਸਾਲ ਤੋਂ ਲਾਟੂ ਬਣਾ ਰਿਹਾ ਹੈ ਅਤੇ ਅਜ ਵੀ ਕਈ ਲੋਕ ਉਸ ਕੋਲ ਸਪੈਸ਼ਲ ਆਉਦੇ ਹਨ ਸਿਰਫ ਲਾਟੂ ਬਣਵਾਉਣ ਲਈ। ਰੰਗੀਲਾ ਲਾਟੂਆਂ ਵਾਲੇ ਦਾ ਨਾਮ ਮਹਿਮੂਦ ਅਹਿਮਦ ਹੈ। ਪੁਰੇ ਇਲਾਕੇ 'ਚ ਉਹ ਰੰਗੀਲਾ ਲਾਟੂਆਂ ਵਾਲੇ ਦੇ ਨਾਮ ਤੋਂ ਮਸ਼ਹੂਰ ਹੈ।
ਪੁਰਾਣੀਆਂ ਯਾਦਾਂ ਨੂੰ ਤਾਜਾ ਕਰਦਾ ਹੋਇਆ ਰੰਗੀਲਾ ਲਾਟੂਆਂ ਵਾਲਾ ਦੱਸਦਾ ਹੈ ਕਿ ਉਹ ਜਦ ਛੋਟੀ ਉਮਰ ਦਾ ਸੀ ਤਾਂ ਲਾਟੂਆਂ ਨਾਲ ਖੇਡਣ ਦਾ ਸ਼ੌਂਕ ਸੀ ਅਤੇ ਨਿੱਕਾ ਹੁੰਦਾ ਸਕੂਲ ਜਾਣ ਦੀ ਥਾਂ ਜਿਥੇ ਲਾਟੂ ਬਣਾਏ ਜਾਂਦੇ ਸੀ ਉਥੇ ਲਾਟੂ ਬਣਦੇ ਦੇਖਣ ਚਲਾ ਜਾਂਦਾ ਸੀ ਅਤੇ ਸਾਰਾ ਸਾਰਾ ਦਿਨ ਉਥੇ ਲਾਟੂ ਬਣਦੇ ਦੇਖਦਾ ਰਹਿੰਦਾ। ਰੰਗੀਲਾ ਦੱਸਦਾ ਹੈ ਕਿ ਮਾਤਾ ਪਿਤਾ ਨੂੰ ਜਦ ਪਤਾ ਲਗਿਆ ਕਿ ਮੈਂ ਸਕੂਲ ਨਹੀ ਜਾ ਰਿਹਾ ਅਤੇ ਲਾਟੂ ਬਣਾਉਣ ਦੀ ਦੁਕਾਨ 'ਤੇ ਬੈਠਾ ਰਹਿੰਦਾ ਹਾਂ ਤਾਂ ਉਨ੍ਹਾਂ ਨੇ ਮੈਨੂੰ ਪੁਛਿਆ ਕਿ ਤੁੰ ਉਥੇ ਕਿਉਂ ਜਾਂਦਾ ਹੈ? ਤਾਂ ਮੈਂ ਕਿਹਾ ਕਿ ਮੈਨੂੰ ਲਾਟੂਆਂ ਨਾਲ ਪਿਆਰ ਹੈ ਅਤੇ ਲਾਟੂ ਬਣਾਉਣੇ ਸਿਖਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਉਨ੍ਹਾਂ ਮੈਨੂੰ ਲਾਟੂਆਂ ਵਾਲੀ ਦੁਕਾਨ 'ਤੇ ਕੰਮ ਸਿਖਣ ਲਈ ਲਗਾ ਦਿਤਾ।
ਮੈਂ ਕਈ ਸਾਲ ਲਾਟੂ ਬਣਾਉਣ ਦਾ ਕੰਮ ਸਿੱਖਿਆ ਅਤੇ ਫਿਰ ਬਸ ਇਨ੍ਹਾਂ ਲਾਟੂਆਂ ਨਾਲ ਹੀ ਪਿਆਰ ਹੋ ਗਿਆ। 40 ਸਾਲ ਤੋਂ ਮੈਂ ਰੰਗ ਬਿਰੰਗੇ ਲਾਟੂ ਬਣਾਉਣ ਦਾ ਕੰਮ ਕਰ ਰਿਹਾ ਹਾਂ। ਅਜ ਦੇ ਸਮੇਂ 'ਚ ਭਾਵੇਂ ਲਾਟੂ ਦੀ ਖੇਡ ਕਿਧਰੇ ਆਲੋਪ ਹੋ ਗਈ ਹੈ ਪਰ ਫਿਰ ਵੀ ਕਈ ਲੋਕ ਅਜ ਮੇਰੇ ਕੋਲ ਲਾਟੂ ਬਣਾਉਣ ਲਈ ਆਉਂਦੇ ਹਨ। ਮੇਰੇ ਪੁਤਰ ਵੀ ਲਾਟੂ ਬਣਾਉਦੇ ਹਨ। ਰੰਗੀਲਾ ਨੇ ਦੱਸਿਆ ਕਿ ਲਾਟੂ ਤੋਂ ਇਲਾਵਾ ਚਰਖਾ , ਚਕਲਾ-ਵੇਲਣਾ, ਮਧਾਨੀ, ਸਾਗ ਘੋਟਨ ਲਈ ਘੋਟਨਾ, ਬੱਚਿਆਂ ਲਈ ਰੇੜੇ, ਮੰਜਿਆਂ ਦੇ ਪਾਵੇ ਵੀ ਬਣਾਉਂਦਾ ਹੈ। ਲਾਟੂ ਦੀ ਖੇਡ ਇਸ ਦੁਨੀਆਂ ਚੋਂ ਅਲੋਪ ਨਾ ਹੋਵੇ ਇਸ ਨੂੰ ਜਿਉਂਦਾ ਰੱਖਣ ਲਈ ਰੰਗੀਲਾ ਲਾਟੂਆਂ ਵਾਲਾ ਲਾਟੂ ਬਣਾ ਕੇ ਘੱਟ ਰੇਟ 'ਤੇ ਵੇਚਦਾ ਹੈ ਤਾਂ ਜੋ ਬੱਚੇ ਖੇਡਣ ਅਤੇ ਇਹ ਖੇਡ ਆਉਣ ਵਾਲੀ ਪੀੜੀ 'ਚ ਵੀ ਜ਼ਿੰਦਾ ਰਹੇ।