ਸੰਗਰੂਰ: ਇੱਕ ਪਾਸੇ ਜਿਥੇ ਕੋਰੋਨਾ ਦਾ ਕਹਿਰ ਜਾਰੀ ਹੈ, ਉੱਥੇ ਹੀ ਕਿਸਾਨ ਲਗਾਤਾਰ ਆਪਣੇ ਧਰਨੇ 'ਤੇ ਡਟੇ ਹੋਏ ਹਨ। ਉਨ੍ਹਾਂ ਨੂੰ ਸਰਕਾਰ ਵੱਲੋਂ ਕੋਰੋਨਾ ਕਰਕੇ ਆਪਣਾ ਧਰਨਾ ਚੁੱਕਣ ਲਈ ਕਿਹਾ ਜਾ ਰਿਹਾ ਹੈ ਪਰ ਕਿਸਾਨ ਆਪਣੀਆਂ ਮੰਗਾਂ ਮਨਵਾ ਕੇ ਹੀ ਘਰ ਪਰਤਣ ਦੀ ਗੱਲ 'ਤੇ ਅੜੇ ਹੋਏ ਹਨ। ਕਿਸਾਨਾਂ ਦਾ ਵੱਡਾ ਜਥਾ ਦਿੱਲੀ ਦੇ ਟਿੱਕਰੀ ਬਾਰਡਰ ਲਈ ਸੰਗਰੂਰ ਦੇ ਖਨੌਰੀ ਬਾਰਡਰ ਤੋਂ ਰਵਾਨਾ ਹੋਇਆ।


 


ਇਸ ਜਥੇ 'ਚ 15,000 ਕਿਸਾਨ ਸ਼ਾਮਲ ਹਨ। ਇਸ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਦੇ ਆਪ੍ਰੇਸ਼ਨ ਕਲੀਨ ਦਾ ਜਵਾਬ ਦੇਣ ਜਾ ਰਹੇ ਹਾਂ। ਜੇ ਸਰਕਾਰ ਆਪ੍ਰੇਸ਼ਨ ਕਲੀਨ ਚਲਾ ਕੇ ਸਾਨੂੰ ਜ਼ਬਰਦਸਤੀ ਚੁੱਕਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਸਾਡੀਆਂ ਲਾਸ਼ਾਂ ਦੇ ਢੇਰ ਤੋਂ ਲੰਘਣਾ ਪਵੇਗਾ।


 


ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਆਪਣੇ ਦੇਸ਼ ਦੇ ਨਾਲ-ਨਾਲ ਦੂਸਰੇ ਦੇਸ਼ਾਂ ਦੀ ਆਰਮੀ ਵੀ ਬੁਲਾ ਲਵੇ, ਪਰ ਅਸੀਂ ਉਥੋਂ ਜਾਣ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਹਾਨੇ ਸਰਕਾਰ ਕਿਸਾਨਾਂ ਨੂੰ ਖਦੇੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ 15 ਹਜ਼ਾਰ ਕਿਸਾਨਾਂ ਦਾ ਵੱਡਾ ਜਥਾ ਲੈ ਕੇ ਦਿੱਲੀ ਜਾ ਰਹੇ ਹਾਂ।