ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਇਸ ਸਾਲ ਮੌਸਮ (Weather) ਦੇ ਸੁਮੇਲ ਕਾਰਨ ਦੇਸ਼ ‘ਚ ਕਣਕ ਦਾ ਬਹੁਤ ਜ਼ਿਆਦਾ ਝਾੜ (Wheat Yield) ਦੇਖਣ ਨੂੰ ਮਿਲਿਆ। ਅੰਕੜਿਆਂ ਮੁਤਾਬਕ, ਇਸ ਵਾਰ ਦੇਸ਼ ਵਿੱਚ ਲਗਪਗ 106 ਮਿਲੀਅਨ ਟਨ ਕਣਕ ਦਾ ਉਤਪਾਦਨ (Wheat Production) ਹੋਇਆ ਹੈ। ਕਣਕ ਦੇ ਝਾੜ ਦੇ ਮਾਮਲੇ ਵਿੱਚ ਭਾਰਤ (India) ਸਿਰਫ ਚੀਨ ਤੋਂ ਪਿੱਛੇ ਹੈ। ਚੀਨ ਨੇ ਇਸ ਸਾਲ 133.5 ਮਿਲੀਅਨ ਟਨ ਸਰਦੀਆਂ ਦੀਆਂ ਕਿਸਮਾਂ ਦਾ ਉਤਪਾਦਨ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਵਿੱਚ 100 ਮਿਲੀਅਨ ਟਨ ਤੋਂ ਵੱਧ ਕਣਕ ਦਾ ਉਤਪਾਦਨ ਹੋਇਆ।

ਇਸ ਤੋਂ ਕਿਸਾਨ ਤਾਂ ਖੁਸ਼ ਹੈ, ਪਰ ਲੌਕਡਾਊਨ (Lockdown) ਕਰਕੇ ਉਸ ਨੂੰ ਆਪਣੀ ਫਸਲ ਵੇਚਣ ਲਈ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਧਰ, ਮੌਸਮ ਦਾ ਵਾਰ-ਵਾਰ ਖ਼ਰਾਬ ਹੋਣਾ ਕਿਸਾਨਾਂ ਲਈ ਮੁਸਕਲਾਂ ਦਾ ਕਾਰਨ ਬਣ ਰਿਹਾ ਹੈ। ਮੌਸਮ ਕਰਕੇ ਕਿਸਾਨ ਆਪਣੀ ਫਸਲਾਂ ਬਰਬਾਦ ਹੋਣ ਤੋਂ ਡਰ ਰਹੇ ਹਨ। ਕੋਰੋਨਾ ਸੰਕਰਮਣ (Coronavirus) ਫੈਲਣ ਨੂੰ ਰੋਕਣ ਲਈ 25 ਮਾਰਚ ਤੋਂ ਦੇਸ਼ ‘ਚ ਲੌਕਡਾਊਨ ਚੱਲ ਰਿਹਾ ਹੈ। ਇਸ ਕਰਕੇ, ਜ਼ਿਆਦਾਤਰ ਵਪਾਰਕ ਗਤੀਵਿਧੀਆਂ (Commercial Activities) ਵੀ ਰੁਕੀਆਂ ਹੋਈਆਂ ਹਨ।

ਲੌਕਡਾਊਨ ਕਰਕੇ ਹੀ ਇਸ ਵਾਰ ਮਈ ਦੇ ਮਹੀਨੇ ਵੀ ਕਿਸਾਨ ਮੰਡੀਆਂ ਵਿੱਚ ਬੈਠੇ ਹਨ। ਕਈ ਸੂਬਿਆਂ ਵਿੱਚ ਤਾਂ ਅਜੇ ਕਣਕ ਮੰਡੀਆਂ ਵਿੱਚ ਆਉਣੀ ਸ਼ੁਰੂ ਹੋਈ ਹੈ। ਮਜ਼ਦੂਰਾਂ ਦੀ ਘਾਟ ਕਾਰਨ ਮੰਡੀਆਂ ਵਿੱਚ ਘੱਟ ਫਸਲ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਕਾਰਨ, ਕਿਸਾਨ ਆਪਣੀ ਫਸਲ ਖੁੱਲ੍ਹੇ ‘ਚ ਮੰਡੀਆਂ ਵਿੱਚ ਰੱਖ ਹਨ।



ਖਰਾਬ ਮੌਸਮ ਕਿਸਾਨਾਂ ਦੀ ਸਮੱਸਿਆ ਨੂੰ ਵਧਾ ਰਿਹਾ ਹੈ। ਬਾਰਸ਼ ਹੋਣ ਕਾਰਨ ਕਣਕ ‘ਚ ਨਮੀ ਵਧਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਜੇ ਕਣਕ ਵਿਚ ਨਮੀ ਦੀ ਮਾਤਰਾ 14 ਫੀਸਦ ਤੋਂ ਵੱਧ ਹੈ, ਤਾਂ ਇਸ ਦਾ ਚੰਗਾ ਮੁੱਲ ਨਹੀਂ ਮਿਲਦਾ। ਉਧਰ ਜੇ ਕਣਕ ਪਾਣੀ ਵਿਚ ਪੂਰੀ ਤਰ੍ਹਾਂ ਭਿੱਜ ਜਾਂਦੀ ਹੈ ਤਾਂ ਉਹ ਪੂਰੀ ਤਰ੍ਹਾਂ ਬਰਬਾਦ ਹੋ ਸਕਦੀ ਹੈ।

ਦੇਸ਼ ਵਿਆਪੀ ਲੌਕਡਾਊਨ ਕਾਰਨ ਆਵਾਜਾਈ ‘ਤੇ ਵੀ ਪਾਬੰਦੀ ਹੈ। ਇਸ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਮੰਡੀਆਂ ਵਿੱਚ ਲਿਆਉਣ ਵਿੱਚ ਦਿੱਕਤ ਹੋ ਰਹੀ ਹੈ। ਹਾਲਾਂਕਿ ਫਸਲਾਂ ਦੀ ਢੋਆ-ਢੁਆਈ ਲਈ ਕਿਸਾਨਾਂ ਨੂੰ ਲੌਕਡਾਊਨ ਤੋਂ ਛੋਟ ਹੈ, ਪਰ ਵਾਹਨਾਂ ਦੀ ਅਣਹੋਂਦ ਕਾਰਨ ਫਸਲੀ ਸਫਾਈ, ਪੈਕਿੰਗ, ਲੋਡਿੰਗ ਆਦਿ ਲਈ ਮਜ਼ਦੂਰ ਉਪਲਬਧ ਨਹੀਂ ਹਨ, ਜਿਸ ਕਰਕੇ ਕਿਸਾਨਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਅਜਿਹੇ ‘ਚ ਕਿਸਾਨਾਂ ਦੀ ਪੁਤਾਂ ਵਾਂਗ ਪਾਲੀ ਹੋਈ ਫਸਲ ਖੁੱਲ੍ਹੇ ‘ਚ ਰੁਲ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904