ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਅੱਜ ਸ਼ਾਮ ਨੂੰ ਇਕ ਮੈਰਿਜ ਪੈਲੇਸ ਦੇ ਬਾਹਰ ਹਵਾਈ ਫਾਇਰਿੰਗ ਦੀ ਖ਼ਬਰ ਸਾਮਣੇ ਆਈ ਹੈ। ਵਿਆਹ ਵਿੱਚ ਆਏ ਇਕ ਸ਼ਖਸ ਵਲੋਂ ਮੈਰਿਜ ਪੈਲੇਸ ਦੇ ਮਾਲਕ ਨਾਲ ਵਿਵਾਦ ਹੋਣ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਵਿੱਚ ਹਵਾਈ ਫਾਇਰ ਕੀਤੇ। ਪੈਲੇਸ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਹਵਾਈ ਫਾਇਰਿੰਗ ਦੀ ਸਾਰੀ ਘਟਨਾ ਕੈਦ ਹੋ ਗਈ।
ਵੀਡੀਓ 'ਚ ਦਿੱਖ ਰਿਹਾ ਹੈ ਕਿ ਮੌਕੇ 'ਤੇ ਮੌਜੂਦ ਪੁਲਿਸ ਵਾਲੇ ਵੀ ਡਰ ਜਾਂਦੇ ਹਨ ਅਤੇ ਬਾਅਦ ਵਿੱਚ ਸ਼ਖਸ ਨੂੰ ਰੋਕਦੇ ਨਜ਼ਰ ਆਉਂਦੇ ਹਨ। ਉਥੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਮੈਰਿਜ ਪੈਲੇਸ ਦੇ ਮਾਲਕ ਰੋਹਿਤ ਨੇ ਦੱਸਿਆ ਕਿ ਉਹ ਡੀਜੇ ਕੋਲ ਖੜਾ ਸੀ ਅਤੇ ਕੁਝ ਜਾਣਿਆ ਦੀ ਆਪਸ 'ਚ ਕੋਈ ਗੱਲ ਹੋਈ।
ਉਸ ਨੇ ਦੱਸਿਆ ਕਿ ਇਸ ਦਰਮਿਆਨ ਉਨ੍ਹਾਂ ਭਾਂਡੇ ਸੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਉਨ੍ਹਾਂ ਵਲੋਂ ਰੋਕਿਆ ਗਿਆ ਤਾਂ ਉਨ੍ਹਾਂ ਉਸ ਨੂੰ ਫੜ੍ਹ ਲਿਆ। ਬਾਅਦ ਵਿੱਚ ਬਾਹਰ ਜਾ ਕੇ ਇਕ ਸ਼ਖਸ ਵਲੋਂ ਕਾਰ ਵਿੱਚੋ ਪਿਸਤੌਲ ਕਢ ਕੇ ਹਵਾਈ ਫਾਇਰ ਕੀਤੇ ਗਏ। ਉਥੇ ਹੀ ਮੌਕੇ 'ਤੇ ਪਹੁੰਚੇ ਡੀਐਸਪੀ ਬਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਿਸ ਨੇ ਹਵਾਈ ਫਾਇਰਿੰਗ ਕੀਤੀ ਹੈ ਉਸ 'ਤੇ ਕਾਰਵਾਈ ਕੀਤੀ ਜਾ ਰਹੀ ਹੈ।