ਫਿਰੋਜ਼ਪੁਰ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅੱਜ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਫਿਰੋਜ਼ਪੁਰ ਦੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਪਹੁੰਚੇ। ਜਿਥੇ ਉਨ੍ਹਾਂ ਨੇ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ  ਜਾਇਜ਼ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਗੱਲਾਂ ਮੰਨ ਲੈਣ ਅਤੇ ਆਪਣੀ ਜ਼ਿੱਦ ਨੂੰ ਤਿਆਗ ਦੇਣ। ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਸਾਰੇ ਤਿੰਨ ਕਿਸਾਨ ਬਿੱਲਾਂ ਦਾ ਅਸੀਂ ਵਿਰੋਧ ਕਰਦੇ ਹਾਂ ਜਿਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। 

 

ਉਨ੍ਹਾਂ ਕਿਹਾ ਕੇਂਦਰ ਸਰਕਾਰ ਨੂੰ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇ ਕਿਸਾਨ ਜਿਉਂਦਾ ਨਹੀਂ ਰਹੇਗਾ ਤਾਂ ਕੋਈ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨ ਦੀ ਅਵਾਜ਼ ਸੁਣੋ ਦੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਉਹ ਚੀਨ ਦੇ ਅੱਗੇ ਤਾਂ ਝੁਕ ਜਾਂਦੇ ਹਨ ਪਰ ਕਿਸਾਨਾਂ ਅੱਗੇ ਨਹੀਂ ਝੁਕ ਰਹੇ। ਫਾਰੂਕ ਅਬਦੁੱਲਾ ਨੇ ਚੀਨ ਨੂੰ ਤਾਕਤਵਰ ਦੱਸਦੇ ਹੋਏ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਤੇ ਪੂਰੀ ਤਿਆਰੀ ਨਾਲ ਲੜਨਾ ਚਾਹੀਦਾ ਹੈ। 

 

ਜੰਮੂ-ਕਸ਼ਮੀਰ 'ਚ ਧਾਰਾ 370 ਟੁੱਟਣ ਨਾਲ ਕੋਈ ਤਬਦੀਲੀ ਨਜ਼ਰ ਨਾ ਆਉਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 370 ਨੂੰ ਤੋੜਨ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਤਕਰੀਬਨ 12 ਹਜ਼ਾਰ ਉਦਯੋਗ ਸਨ, ਹੁਣ ਸਿਰਫ ਸੱਤ ਹਜ਼ਾਰ ਉਦਯੋਗ ਬਚੇ ਹਨ। ਉਨ੍ਹਾਂ ਕਿਹਾ ਕਿ ਜੇ ਜੰਮੂ-ਕਸ਼ਮੀਰ ਅਤੇ ਦੇਸ਼ ਤਰੱਕੀ ਕਰ ਰਿਹਾ ਹੈ ਤਾਂ ਉਥੇ ਹੋਰ ਉਦਯੋਗ ਹੋਣੇ ਚਾਹੀਦੇ ਸੀ। 

 

ਉਨ੍ਹਾਂ ਕਿਹਾ ਕਿ  ਜੰਮੂ ਕਸ਼ਮੀਰ 'ਚ ਬਹੁਤ ਸਾਰੇ ਮੁਸਲਮਾਨ ਹੋਣ ਦੇ ਬਾਵਜੂਦ ਅਸੀਂ ਪਾਕਿਸਤਾਨ ਨਹੀਂ ਗਏ ਅਤੇ ਗਾਂਧੀ ਵਾਲੇ ਹਿੰਦੁਸਤਾਨ ਦੇਸ਼ ਨੂੰ ਆਪਣਾ ਦੇਸ਼ ਦੱਸਦਿਆ ਕਿਹਾ ਕਿ ਹਿੰਦੁਸਤਾਨ ਦੇਸ਼ ਸਾਡਾ ਹੈ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੇ ਸ਼ਹੀਦ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਸਬੰਧੀ ਉਨ੍ਹਾਂ ਦੀ ਦਿਲੀ ਇੱਛਾ ਅੱਜ ਪੂਰੀ ਹੋਈ ਹੈ। ਮੋਦੀ ਸਰਕਾਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਵੋਟ ਪ੍ਰਾਪਤੀ ਲਈ ਮੋਦੀ ਦੇਸ਼ ਅੰਦਰ ਧਰਮ ਦੀਆਂ ਵੰਡੀਆਂ ਪਾ ਦੇਸ਼ ਦਾ ਬੇੜਾ ਗਰਕ ਕਰ ਰਿਹਾ ਹੈ। ਦੇਸ਼ ਨੂੰ ਹਿੰਦੂ ਤੇ ਹਿੰਦੂਤਵ ਦੱਸਣ ਸਬੰਧੀ ਉਨ੍ਹਾਂ ਕਿਹਾ ਇਹ ਮੋਦੀ ਦਾ ਇਕ ਛਲਾਵਾ ਹੈ ਹੋਰ ਕੁਝ ਨਹੀਂ।