ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਜਾ ਰਹੀਆਂ ਕੀਮਤਾਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤਾ ਹੈ। ਸਰਕਾਰ ਹੁਣ ਕਿਸੇ ਵੀ ਤਰ੍ਹਾਂ ਇਨ੍ਹਾਂ ਕੀਮਤਾਂ ਉੱਤੇ ਕਾਬੂ ਪਾਉਣਾ ਚਾਹੁੰਦੀ ਹੈ। ਬੀਤੇ ਦਿਨੀਂ ਭਾਰਤ ਨੇ OPEC ਨੂੰ ਉਤਪਾਦਨ ਵਧਾਉਣ ਦੀ ਬੇਨਤੀ ਕੀਤੀ ਸੀ। ਸਊਦੀ ਅਰਬ ਨੂੰ ਵੀ ਮਹਿੰਗੇ ਤੇਲ ਦੀ ਸ਼ਿਕਾਇਤ ਕੀਤੀ ਗਈ ਸੀ ਪਰ ਸਊਦੀ ਅਰਬ ਨੇ ਕਿਹਾ ਸੀ ਕਿ ਭਾਰਤ ਸਸਤੀ ਕੀਮਤ ਉੱਤੇ ਖ਼ਰੀਦੇ ਗਏ ਤੇਲ ਦੇ ਭੰਡਾਰ ਨਾਲ ਕੰਮ ਚਲਾ ਸਕਦਾ ਹੈ।

 

ਹੁਣ ਭਾਰਤ ਸਊਦੀ ਅਰਬ ਸਮੇਤ ਹੋਰ ਖਾੜੀ ਦੇਸ਼ਾਂ ਤੋਂ ਮਹਿੰਗਾ ਤੇਲ ਮੰਗਵਾਉਣ ਦੀ ਰਫ਼ਤਾਰ ਹੌਲੀ ਕਰਨੀ ਚਾਹੁੰਦਾ ਹੈ। ਇਸ ਦੀ ਥਾਂ ਉਹ ਅਮਰੀਕਾ, ਕੈਨੇਡਾ, ਪੱਛਮੀ ਅਫ਼ਰੀਕੀ ਦੇਸ਼ਾਂ ਤੇ ਗਿਆਨਾ, ਮੈਕਸੀਕੋ ਤੋਂ ਤੇਲ ਦਰਾਮਦ ਕਰ ਸਕਦਾ ਹੈ। ਭਾਰਤ ਵੱਲੋਂ ਇਨ੍ਹਾਂ ਦੇਸ਼ਾਂ ਤੋਂ ਤੇਲ ਦਰਾਮਦ ਕਰਨ ਦੇ ਦੋ ਫ਼ਾਇਦੇ ਹੋਣਗੇ। ਇੱਕ ਤਾਂ ਇੰਝ ਭਾਰਤ ਨੂੰ ਸਸਤਾ ਤੇਲ ਮਿਲੇਗਾ ਤੇ ਦੂਜੇ OPEC (ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦਾ ਸੰਗਠਨ) ਉੱਤੇ ਤੇਲ ਲਈ ਨਿਰਭਰਤਾ ਵੀ ਘਟੇਗੀ। ਭਾਰਤ ਨੇ ਮੈਕਸੀਕੋ ਤੋਂ ਵੀ ਭਾਰੀ ਮਾਤਰਾ ’ਚ ਤੇਲ ਮੰਗਵਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।

 

ਭਾਰਤ ਆਪਣੀ ਜ਼ਰੂਰਤ ਦਾ 86 ਫ਼ੀਸਦੀ ਤੇਲ ਓਪੇਕ ਤੋਂ ਹੀ ਦਰਾਮਦ ਕਰਦਾ ਹੈ। ਇਸ ਵਿੱਚੋਂ 19 ਫ਼ੀਸਦੀ ਹਿੱਸੇਦਾਰੀ ਸਊਦੀ ਅਰਬ ਤੋਂ ਮੰਗਵਾਏ ਜਾਣ ਵਾਲੇ ਤੇਲ ਦੀ ਹੈ। ਹੁਣ ਭਾਰਤ ਆਪਣੀ ਰਣਨੀਤੀ ਤਹਿਤ ਸਊਦੀ ਅਰਬ ਤੋਂ ਕੱਚਾ ਤੇਲ ਮੰਗਵਾਉਣਾ ਘਟਾ ਸਕਦਾ ਹੈ। ਜਨਵਰੀ ਮਹੀਨੇ ਸਊਦੀ ਅਰਬ ਤੋਂ ਜਿੰਨਾ ਕੱਚਾ ਤੇਲ ਮੰਗਵਾਇਆ ਗਿਆ, ਉਹ ਪਹਿਲਾਂ ਦੇ ਮੁਕਾਬਲੇ ਮੰਗਵਾਏ ਜਾਣ ਵਾਲੇ ਤੇਲ ਤੋਂ 30 ਫ਼ੀ ਸਦੀ ਘੱਟ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕ ਅਮਰੀਕਾ ’ਚ ਕੱਚਾ ਤੇਲ ਸਸਤਾ ਹੋ ਗਿਆ ਹੈ। ਮੈਕਸੀਕੋ ਤੇ ਗਿਆਨਾ ਦੀ ਮਾਰਕਿਟ ’ਚ ਵੀ ਤੇਲ ਕੀਮਤਾਂ ਘਟੀਆਂ ਹਨ।