ਨਵੀਂ ਦਿੱਲੀ: ਜਨਤਕ ਬੈਂਕਾਂ ਦੇ ਕਰਮਚਾਰੀਆਂ ਦੀ ਤਨਖਾਹ 'ਚ 15 ਫ਼ੀਸਦ ਦੇ ਵਾਧੇ ਦਾ ਰਾਹ ਸਾਫ ਹੋ ਗਿਆ ਹੈ। ਦਰਅਸਲ, ਬੈਂਕ ਯੂਨੀਅਨਾਂ ਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੀ ਗੱਲਬਾਤ ਬੁੱਧਵਾਰ ਨੂੰ ਖਤਮ ਹੋ ਗਈ ਤੇ ਬੈਂਕ ਕਰਮਚਾਰੀਆਂ ਦੀਆਂ ਤਨਖਾਹਾਂ ਵਧਾਉਣ ਲਈ ਸਮਝੌਤਾ ਹੋਇਆ ਹੈ। ਕੱਲ੍ਹ, ਬੈਂਕ ਯੂਨੀਅਨਾਂ ਤੇ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਵਿਚਕਾਰ 11ਵੇਂ ਦੌਰ ਦੀ ਗੱਲਬਾਤ ਮੁਕੰਮਲ ਹੋ ਗਈ। ਇਸ ਵਿੱਚ ਇਹ ਫੈਸਲਾ ਲਿਆ ਗਿਆ ਕਿ 31 ਮਾਰਚ 2017 ਤੱਕ ਕਰਮਚਾਰੀਆਂ ਦੀ ਤਨਖਾਹ ਵਿੱਚ 15 ਫੀਸਦ ਵਾਧਾ ਕੀਤਾ ਜਾਵੇਗਾ।


ਸਰਕਾਰੀ ਬੈਂਕ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਇਹ ਵਾਧਾ ਜਾਂ ਸੋਧ 1 ਨਵੰਬਰ, 2017 ਤੋਂ ਲਾਗੂ ਹੋ ਜਾਵੇਗਾ। ਤਨਖਾਹ ਤੇ ਭੱਤਿਆਂ ਵਿੱਚ ਸਲਾਨਾ ਵਾਧਾ 7,898 ਕਰੋੜ ਰੁਪਏ ਦੇ ਤਨਖਾਹ ਦੇ ਹਿੱਸੇ 'ਤੇ ਕੰਮ ਕਰਦਾ ਹੈ। ਆਈਬੀਏ ਤੇ ਬੈਂਕ ਯੂਨੀਅਨਾਂ ਨੇ ਵੀ ਸਹਿਮਤੀ ਦਿੱਤੀ ਕਿ ਜਨਤਕ ਖੇਤਰ ਦੇ ਬੈਂਕਾਂ ਵਿੱਚ ਵੀ ਕਾਰਗੁਜ਼ਾਰੀ ਅਧਾਰਤ ਪ੍ਰੋਤਸਾਹਨ ਦਿੱਤੇ ਜਾਣਗੇ।




ਦੱਸ ਦੇਈਏ ਕਿ ਪ੍ਰਾਈਵੇਟ ਬੈਂਕਾਂ ਅਤੇ ਬਹੁਕੌਮੀ ਬੈਂਕਾਂ 'ਚ ਪੀਐਲਆਈ ਦਾ ਪ੍ਰਬੰਧ ਹੈ, ਪਰ ਜਨਤਕ ਖੇਤਰ ਦੇ ਬੈਂਕਾਂ 'ਚ ਅਜਿਹਾ ਕੋਈ ਸਿਸਟਮ ਨਹੀਂ। ਹੁਣ, ਨਵੇਂ ਫੈਸਲੇ ਦੇ ਅਧਾਰ 'ਤੇ ਸਰਕਾਰੀ ਬੈਂਕਾਂ 'ਚ ਕਰਮਚਾਰੀਆਂ ਨੂੰ ਸਾਲਾਨਾ ਤਨਖਾਹ ਤੋਂ ਇਲਾਵਾ ਪੀਐਲਆਈ ਦਿੱਤਾ ਜਾਵੇਗਾ। ਹਾਲਾਂਕਿ ਇਸ ਨੂੰ ਦੇਣ ਦਾ ਫੈਸਲਾ ਵੱਖ-ਵੱਖ ਬੈਂਕਾਂ ਦੇ ਮੁਨਾਫਿਆਂ 'ਤੇ ਅਧਾਰਤ ਹੋਵੇਗਾ।