ਜਲੰਧਰ: ਵਿਆਹਾਂ 'ਤੇ ਮੋਟਾ ਪੈਸਾ ਲਾਉਣ ਵਾਲੇ ਪੰਜਾਬੀਆਂ ਨੇ ਹੁਣ ਸਾਦਗੀ ਅਪਨਾ ਲਈ ਹੈ। ਇਸ ਦਾ ਕਾਰਨ ਹੈ ਕੋਰੋਨਾ ਵਾਇਰਸ ਮਹਾਮਾਰੀ ਤੇ ਇਸ ਦੀ ਰੋਕਥਾਮ ਲਈ ਲੱਗੀ ਤਾਲਾਬੰਦੀ। ਇਨ੍ਹਾਂ ਤੋਂ ਬਚਣ ਲਈ ਹੁਣ ਲਾੜਾ ਲਾੜੀ ਵਿਆਹ ਮਗਰੋਂ ਸਿਰਫ ਮੋਟਰਸਾਈਕਲ 'ਤੇ ਹੀ ਆਪਣੇ ਘਰ ਪਹੁੰਚ ਜਾਂਦੇ ਹਨ ਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸਾਦਗੀ ਨਾਲ ਕਰਦੇ ਹਨ।


ਅਜਿਹਾ ਹੀ ਕੁਝ ਅੱਜ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਗੁਰਾਇਆ ਵਿੱਚ ਦੇਖਣ ਨੂੰ ਮਿਲਿਆ। ਇੱਥੋਂ ਦੇ ਨੌਜਵਾਨ ਰੁਪਿੰਦਰ ਸਿੰਘ ਦਾ ਵਿਆਹ ਨਕੋਦਰ ਵਿਖੇ ਤੈਅ ਹੋਇਆ ਸੀ। ਤਾਲਾਬੰਦੀ ਤੇ ਕੋਰੋਨਾ ਵਾਇਰਸ ਕਾਰਨ ਉਹ ਸਿਰਫ ਆਪਣੇ ਪਰਿਵਾਰ ਦੇ ਪੰਜ ਜਣਿਆਂ ਨਾਲ ਆਨੰਦ ਕਾਰਜ ਕਰਵਾਉਣ ਲਈ ਆਪਣੇ ਸਹੁਰੇ ਘਰ ਢੁੱਕਿਆ। ਵਿਆਹ ਮਗਰੋਂ ਉਸ ਨੇ ਆਪਣੀ ਪਤਨੀ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਆਪਣੇ ਘਰ ਵੱਲ ਚਾਲੇ ਪਾ ਦਿੱਤੇ।



ਜਦ ਸੱਜ ਵਿਆਹੀ ਜੋੜੀ ਗੁਰਾਇਆ ਪਹੁੰਚੀ ਤਾਂ ਪੁਲਿਸ ਨੇ ਨਵੀਂ ਵਿਆਹੀ ਜੋੜੀ ਨੂੰ ਦੇਖ ਨਿੱਘਾ ਸਵਾਗਤ ਕੀਤਾ। ਪੁਲਿਸ ਨੇ ਪਹਿਲਾਂ ਕੇਕ ਕਟਵਾਇਆ ਅਤੇ ਫਿਰ ਸ਼ਗਨ ਦੇ ਕੇ ਅੱਗੇ ਜਾਣ ਦਿੱਤਾ।

ਇੰਸਪੈਕਟਰ ਰੰਜਨਾ ਦੇਵੀ ਨੇ ਕਿਹਾ ਕਿ ਉਹ ਖ਼ੁਸ਼ ਹਨ ਕਿ ਇੰਝ ਸਾਦੇ ਵਿਆਹ ਹੋਣੇ ਸ਼ੁਰੂ ਹੋਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕੋਰੋਨਾ ਮਹਾਮਾਰੀ ਕਰਕੇ ਹੀ ਪਰ ਸਮਾਜ ਚੰਗੇ ਰਸਤੇ 'ਤੇ ਪਿਆ ਹੈ। ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕਿਸੇ ਵੀ ਲੜਕੀ ਦੇ ਪਰਿਵਾਰ 'ਤੇ ਉਸ ਨੂੰ ਵਿਆਹੁਣ ਦੀ ਚਿੰਤਾ ਨਹੀਂ ਰਹੇਗੀ ਅਤੇ ਮਾਪੇ ਉਸ ਨੂੰ ਪੜ੍ਹਾਈ ਜਾਂ ਰੁਜ਼ਗਾਰ ਲਈ ਅੱਗੇ ਵਧਣ ਦੇਣਗੇ।

ਹੋਰ ਖ਼ਬਰਾਂ