ਗੁਰਦਾਸਪੁਰ 'ਚ ਨਾਨੇ ਨੇ ਕੀਤਾ ਨਾਬਾਲਗ ਨਾਲ ਬਲਾਤਕਾਰ, ਪੁਲਿਸ ਨੇ ਕੀਤਾ ਗ੍ਰਿਫਤਾਰ
ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁੱਗੀ ਨਾਨੇ ਨੇ ਆਪਣੀ 14 ਸਾਲ ਦੀ ਨਾਬਾਲਗ ਦੋਹਤਰੀ ਨੂੰ ਨਸ਼ੇ ਦੀਆਂ ਗੋਲੀਆਂ ਦੇਕੇ ਉਸ ਨਾਲ ਜਬਰ ਜਨਾਹ ਕੀਤਾ ਹੈ।
ਗੁਰਦਾਸਪੁਰ: ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁੱਗੀ ਨਾਨੇ ਨੇ ਆਪਣੀ 14 ਸਾਲ ਦੀ ਨਾਬਾਲਗ ਦੋਹਤਰੀ ਨੂੰ ਨਸ਼ੇ ਦੀਆਂ ਗੋਲੀਆਂ ਦੇਕੇ ਉਸ ਨਾਲ ਜਬਰ ਜਨਾਹ ਕੀਤਾ ਹੈ। ਇੰਨਾ ਹੀ ਨਹੀਂ ਉਸ ਨੂੰ ਡਰਾਇਆ ਧਮਕਾਇਆ ਵੀ ਗਿਆ ਹੈ। ਇਸ ਮਾਮਲੇ ਵਿੱਚ ਕਲਾਨੌਰ ਪੁਲੀਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਨਾਨੇ ਨੂੰ ਗ੍ਰਿਫਤਾਰ ਕਰ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਕਲਾਨੌਰ ਦੀ ਪੁਲਿਸ ਵਲੋਂ ਨਾਬਾਲਗ ਦੋਹਤਰੀ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ 'ਚ ਨਾਨੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਵਿੱਚ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੇਟੀ 14 ਸਾਲ ਦੀ ਹੈ ਜੋ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸ ਦੀ ਮਾਂ ਅਚਾਨਕ ਬਿਮਾਰ ਹੋ ਗਈ ਸੀ, ਜਿਸ ਕਾਰਨ ਉਹ ਆਪਣੀ ਲੜਕੀ ਅਤੇ ਲੜਕੇ ਨੂੰ ਆਪਣੇ ਮਾਤਾ ਪਿਤਾ ਕੋਲ ਛੱਡ ਆਈ ਸੀ।
ਬਾਅਦ 'ਚ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਲੜਕੀ ਆਪਣੇ ਨਾਨੇ ਮੇਹਰ ਚੰਦ ਕੋਲ ਹੀ ਰਹਿੰਦੀ ਸੀ। ਕੁਝ ਦਿਨ ਬਾਅਦ ਲੜਕੀ ਦਾ ਨਾਨਾ ਉਸ ਨੂੰ ਵਾਪਿਸ ਉਸ ਕੋਲ ਪਿੰਡ ਛੱਡ ਗਿਆ। ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਸਮੇਂ ਲੜਕੀ ਕਾਫ਼ੀ ਸਹਿਮੀ ਹੋਈ ਸੀ। ਇਸ ਲਈ ਜਦੋਂ ਉਸ ਨੇ ਆਪਣੀ ਲੜਕੀ ਨੂੰ ਸਹਿਮੇ ਹੋਣ ਦਾ ਕਾਰਨ ਪੁੱਛਿਆ ਤਾਂ ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਨਾਨਾ ਰਾਤ ਨੂੰ ਦੁੱਧ 'ਚ ਨਸ਼ੀਲੀ ਚੀਜ਼ ਪਾ ਕੇ ਉਸ ਨੂੰ ਪਿਲਾ ਦਿੰਦਾ ਸੀ।
ਉਸ ਨੇ ਦੱਸਿਆ ਕਿ ਨਾਨਾ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਸੀ ਅਤੇ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਭਰਾ ਨੂੰ ਮਾਰ ਦੇਵੇਗਾ। ਜਿਸ ਤੋਂ ਬਾਅਦ ਉਸ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਦੋਸ਼ੀ ਨਾਨੇ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।