ਐਸਟੀਐਫ ਨੇ ਆਪਣੀ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਅੱਜ ਇਸ ਮਾਮਲੇ 'ਚ ਫੜੇ ਗਏ ਮੁੱਖ ਮੁਲਜ਼ਮ ਅੰਕੁਸ਼ ਕਪੂਰ ਦੀ ਨਿਸ਼ਾਨਦੇਹੀ 'ਤੇ ਜਿੱਥੇ ਸਵਾ ਤਿੰਨ ਕਿੱਲੋ ਹੈਰੋਇਨ ਤੇ ਹੋਰ ਮਟੀਰੀਅਲ ਬਰਾਮਦ ਕੀਤਾ ਉੱਥੇ ਹੀ ਐਸਟੀਆਫ ਨੇ ਫਰਾਰ ਮੁਲਜ਼ਮਾਂ ਦੀ ਭਾਲ ਦੇ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ।
ਦੂਜੇ ਪਾਸੇ ਏਆਈਜੀ ਰਛਪਾਲ ਸਿੰਘ ਮੁਤਾਬਕ ਅਨਵਰ ਮਸੀਹ ਨੂੰ ਦੁਬਾਰਾ ਪ੍ਰਵਾਨਾ ਭੇਜਿਆ ਜਾਵੇਗਾ ਤਾਂ ਕਿ ਉਹ ਹਾਜ਼ਰ ਹੋ ਕੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾ ਸਕੇ। ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਗੁਜਰਾਤ ਏਟੀਐਸ ਨੂੰ ਸਿਮਰਨਜੀਤ ਸੰਧੂ ਹੋਰ ਕੇਸ 'ਚ ਹੀ ਲੋੜੀਂਦਾ ਹੈ। ਇਸ ਕਰਕੇ ਏਟੀਐਸ ਦੀ ਟੀਮ ਇੱਥੇ ਪਹੁੰਚੀ। ਇਸ ਦੇ ਨਾਲ ਹੀ ਏਆਈਜੀ ਰਛਪਾਲ ਸਿੰਘ ਨੇ ਪੁਲਿਸ ਵੱਲੋਂ ਗ੍ਰਿਫ਼ਤਾਰ ਲੜਕੀ ਬਾਰੇ ਦੱਸਿਆ ਕਿ ਉਹ ਲੜਕੀ ਸੁਖਵਿੰਦਰ ਸਿੰਘ ਦੀ ਦੋਸਤ ਸੀ ਤੇ ਉਸ ਨੂੰ ਮਿਲਣ ਆਈ ਸੀ। ਇਸ ਮਾਮਲੇ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਅਫਗਾਨੀ ਨਾਗਰਿਕ ਅਰਮਾਨ ਦੀ ਭੂਮਿਕਾ ਬਾਰੇ ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਅਰਮਾਨ ਆਪਣੇ ਆਕਾਵਾਂ ਦੇ ਕਹਿਣ 'ਤੇ ਭਾਰਤ ਹੈਰੋਇਨ ਬਣਾਉਣ ਦੀ ਟ੍ਰੇਨਿੰਗ ਦੇਣ ਆਇਆ ਸੀ। ਉਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਅਰਮਾਨ ਦੇ ਆਕਾ ਭਾਰਤ ਵਿਰੋਧੀ ਕਾਰਵਾਈਆਂ ਦੇ ਵਿੱਚ ਸ਼ਾਮਲ ਹੋ ਸਕਦੇ ਹਨ।
ਦੱਸ ਦਈਏ ਕਿ ਗੁਜਰਾਤ ਏਟੀਐਸ ਨੇ 2018 'ਚ ਹੈਰੋਇਨ ਦੇ ਮਾਮਲੇ 'ਚ ਸਿਮਰਨਜੀਤ ਸੰਧੂ ਨੂੰ ਨਾਮਜ਼ਦ ਕੀਤਾ ਸੀ ਕਿਉਂਕਿ ਉਸ ਵੇਲੇ ਸੰਧੂ 'ਤੇ ਇਲਜ਼ਾਮ ਸੀ ਕਿ ਉਸ ਨੇ ਸਮੁੰਦਰ ਦੇ ਰਸਤਿਓਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਭੇਜੀ ਸੀ। ਜਾਣਕਾਰੀ ਮੁਤਾਬਕ ਗੁਜਰਾਤ ਏਟੀਐਸ ਨੇ ਸੰਧੂ ਦੇ ਖਿਲਾਫ ਬਕਾਇਦਾ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾਇਆ ਹੋਇਆ ਹੈ।