Haryana News: ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਔਰੰਗਾਬਾਦ ਪਿੰਡ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਸਵੇਰੇ ਇੱਕ ਘਰ ਵਿੱਚੋਂ ਪੰਜ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਅਨੁਸਾਰ ਉਨ੍ਹਾਂ ਦੀ ਪਛਾਣ ਨਰੇਸ਼ (33), ਉਸਦੀ ਪਤਨੀ ਆਰਤੀ (30), ਉਨ੍ਹਾਂ ਦੇ ਤਿੰਨ ਬੱਚਿਆਂ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਨਰੇਸ਼ ਦੇ ਪਿਤਾ ਦੇ ਅਨੁਸਾਰ, ਜਦੋਂ ਉਹ ਸਵੇਰੇ ਪਸ਼ੂਆਂ ਨੂੰ ਚਾਰਾ ਦੇਣ ਤੋਂ ਬਾਅਦ ਘਰ ਆਇਆ ਤਾਂ ਉਸਨੇ ਬੇਟੇ ਨੂੰ ਲਟਕਿਆ ਪਾਇਆ ਜਦਕਿ ਨੂੰਹ ਅਤੇ ਬੱਚੇ ਮੰਜੇ 'ਤੇ ਬੇਹੋਸ਼ ਪਏ ਸਨ। ਪਿਤਾ ਨੇ ਘਟਨਾ ਦੀ ਜਾਣਕਾਰੀ ਗੁਆਂਢੀਆਂ ਅਤੇ ਪੁਲਿਸ ਨੂੰ ਦਿੱਤੀ।
ਮੌਕੇ 'ਤੇ ਪਹੁੰਚੇ ਡੀਐਸਪੀ ਸੱਜਣ ਸਿੰਘ ਨੇ ਕਿਹਾ, 'ਮੌਕੇ 'ਤੇ ਪਤਾ ਲੱਗਾ ਕਿ ਘਰ ਦੇ ਮਾਲਕ ਨਰੇਸ਼ ਨੇ ਫਾਹਾ ਲੈ ਲਿਆ। ਪਹਿਲੀ ਨਜ਼ਰ ਵਿੱਚ ਅਜਿਹਾ ਲਗਦਾ ਹੈ ਕਿ ਉਸਨੇ ਆਪਣੀ ਪਤਨੀ, 2 ਧੀਆਂ ਅਤੇ 1 ਪੁੱਤਰ ਨੂੰ ਜ਼ਹਿਰ ਦੇ ਦਿੱਤਾ ਹੈ ਜਾਂ ਉਨ੍ਹਾਂ ਨੂੰ ਦਮ ਘੁੱਟ ਕੇ ਮਾਰ ਦਿੱਤਾ ਗਿਆ ਅਤੇ ਇਸਦੇ ਬਾਅਦ ਉਸਨੇ ਆਪਣੇ ਆਪ ਨੂੰ ਫਾਹਾ ਲਗਾ ਲਿਆ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਕਿ 4 ਲੋਕਾਂ ਦੀ ਮੌਤ ਕਿਵੇਂ ਹੋਈ। ਐਫਐਸਐਲ ਦੀ ਟੀਮ ਆਈ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਮ੍ਰਿਤਕ ਨਰੇਸ਼ ਦੇ ਚਚੇਰੇ ਭਰਾ ਨੇ ਦੱਸਿਆ ਕਿ ਉਸਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ। ਨਰੇਸ਼ ਝਾਂਸੀ ਵਿੱਚ ਢਾਬਾ ਚਲਾਉਂਦਾ ਸੀ ਅਤੇ ਕੱਲ੍ਹ ਹੀ ਘਰ ਪਰਤਿਆ ਸੀ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹ ਕੱਲ੍ਹ ਆਪਣੇ ਸਹੁਰੇ ਘਰ ਵੀ ਗਿਆ ਸੀ ਅਤੇ ਉਸ ਤੋਂ ਬਾਅਦ ਰਾਤ ਕਰੀਬ 11:00 ਵਜੇ ਤੱਕ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਸੀ।
ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਨੇ ਪਿੰਡ ਵਿੱਚ ਹਲਚਲ ਮਚਾ ਦਿੱਤੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਨਰੇਸ਼ ਝਾਂਸੀ ਵਿੱਚ ਇੱਕ ਰਿਸ਼ਤੇਦਾਰ ਨਾਲ ਹੋਟਲ ਚਲਾਉਂਦਾ ਸੀ ਅਤੇ ਉਸਨੇ ਇਹ ਕੰਮ ਸਿਰਫ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਕੀਤਾ ਸੀ ਅਤੇ ਉਹ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ। ਪੁਲਿਸ ਮਾਮਲੇ ਦਾ ਪਤਾ ਲਗਾਉਣ ਲਈ ਗੁਆਂਢੀਆਂ ਅਤੇ ਹੋਰ ਪਿੰਡ ਵਾਸੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।