ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਵਾਪਰੇ ਘਟਨਾਕ੍ਰਮ ਦਾ ਸੇਕ ਸੱਤ ਸਮੁੰਦਰ ਪਾਰ ਬ੍ਰਿਟੇਨ ਤੇ ਕੈਨੇਡਾ ਤੱਕ ਪਹੁੰਚ ਚੁੱਕਿਆ ਹੈ। ਬ੍ਰਿਟੇਨ 'ਚ ਪੰਜਾਬੀ ਮੂਲ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਲਖੀਪੁਰ ਖੀਰੀ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਵਾਪਰੀ ਘਟਨਾ ਨੂੰ ਬੇਹਦ ਦਰਦ ਭਰਿਆ ਦੱਸਿਆ। ਉਨ੍ਹਾਂ ਇਸ ਮਾਮਲੇ 'ਚ ਕਿਸਾਨਾਂ ਲਈ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਸਾਨਾਂ ਨਾਲ ਹਮਦਰਦੀ ਜਤਾਈ ਹੈ। ਤਨਮਨਜੀਤ ਸਿੰਘ ਢੇਸੀ ਨੇ ਪ੍ਰਸ਼ਾਸਨ ਤੇ ਮੀਡੀਆ ਨੂੰ ਇਨਸਾਫ ਲਈ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਤੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। 

 

ਇਸ ਤੋਂ ਪਹਿਲਾਂ ਵੀ ਤਨਮਨਜੀਤ ਸਿੰਘ ਢੇਸੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਈ ਵਾਰ ਹਿਮਾਇਤ ਦੇ ਚੁੱਕੇ ਹਨ। ਉਨ੍ਹਾਂ ਬ੍ਰਿਟਿਸ਼ ਸੰਸਦ 'ਚ ਕਿਸਾਨਾਂ ਦਾ ਕਈ ਵਾਰ ਮੁੱਦਾ ਚੁੱਕਿਆ। ਭਾਰਤ ਤੋਂ ਬਾਅਦ ਪੰਜਾਬੀਆਂ ਦੀ ਸਭ ਤੋਂ ਵੱਧ ਵਸੋਂ ਵਾਲਾ ਮੁਲਕ ਕੈਨੇਡਾ ਜਿਥੋਂ ਕਿਸਾਨੀ ਅੰਦੋਲਨ ਨੂੰ ਹਮੇਸ਼ਾ ਤੋਂ ਹਿਮਾਇਤ ਮਿਲਦੀ ਰਹੀ ਹੈ। ਲਖੀਮਪੁਰ ਖੀਰੀ 'ਚ ਵਾਪਰੇ ਘਟਨਾ 'ਤੇ ਪੰਜਾਬੀ ਮੁਲ ਦੇ ਕੈਨੇਡੀਅਨ ਸਿਆਸਤਦਾਨਾਂ ਨੇ ਕਿਸਾਨਂ ਦੇ ਹੱਕ 'ਚ ਆਵਾਜ ਬੁਲੰਦ ਕੀਤੀ ਹੈ। 

 

ਕੈਨੇਡਾ ਦੇ ਸੰਸਦ ਮੈਂਬਰ ਟਿਮ ਉੱਪਲ ਨੇ ਕਿਹਾ ਕਿ "ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ 'ਤੇ ਸ਼ਰੇਆਮ ਹੋਏ ਹਮਲੇ ਬਾਰੇ ਸੁਣ ਕੇ ਸਦਮੇ 'ਚ ਹਾਂ, ਜਿਨ੍ਹਾਂ 'ਚ 4 ਕਿਸਾਨਾਂ ਦੀ ਮੌਤ ਹੋਈ ਤੇ ਕਈ ਜ਼ਖ਼ਮੀ ਹੋਏ, ਇਸ ਲਈ ਜਿੰਮੇਵਾਰਾਂ ਨੂੰ ਸਜ਼ਾ ਹੋਣੀ ਚਾਹੀਦੀ, ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।"

 

ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਨੇ ਇਸ ਘਟਨਾ ਸਬੰਧੀ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ "ਭਾਰਤ ਦੇ ਲਖੀਮਪੁਰ ਖੀਰੀ 'ਚ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਹਿੰਸਾ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ, ਮਾਰੇ ਗਏ ਜਾਂ ਜ਼ਖ਼ਮੀ ਹੋਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ, ਮੈਂ ਨਿਆਂ ਅਤੇ ਜਵਾਬਦੇਹੀ ਲਈ ਉਠਦੀਆਂ ਮੰਗਾਂ ਨਾਲ ਆਪਣੀ ਆਵਾਜ਼ ਬੁਲੰਦ ਕਰਦੀ ਹਾਂ।"

 

ਉਤਰਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰੇ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਦੌਰਾਨ ਤਿੰਨ ਅਕਤੂਬਰ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ 'ਚ ਹੋਈ ਹਿੰਸਾ 'ਚ 4 ਕਿਸਾਨਾਂ ਸਮੇਤ ਕੁੱਲ 9 ਮੌਤਾਂ ਹੋਈਆਂ ਸਨ। ਜਿਸ 'ਤੇ ਸਿਆਸਤ ਤੋਂ ਲੈ ਕੇ ਆਮ ਲੋਕਾਂ ਤੱਕ ਰੋਹ ਪਾਇਆ ਜਾ ਰਿਹਾ ਹੈ।