ਨਵੀਂ ਦਿੱਲੀ: ਮਾਨਸੂਨ ਦੇਸ਼ ਦੇ ਦੱਖਣੀ ਹਿੱਸਿਆਂ ਵਿੱਚ ਆ ਗਿਆ ਹੈ। ਦੱਖਣੀ ਭਾਰਤ ਅਤੇ ਗੋਆ ਨੂੰ ਪਾਰ ਕਰਦਿਆਂ ਮਹਾਰਾਸ਼ਟਰ, ਛੱਤੀਸਗੜ, ਉੜੀਸਾ ਦੇ ਬਹੁਤੇ ਹਿੱਸਿਆਂ 'ਚ ਪਹੁੰਚ ਗਿਆ ਹੈ।  ਅਗਲੇ 24 ਘੰਟਿਆਂ ਦੌਰਾਨ ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਉੜੀਸਾ, ਛੱਤੀਸਗੜ੍ਹ, ਦੱਖਣ ਪੂਰਬੀ ਮੱਧ ਪ੍ਰਦੇਸ਼, ਤੱਟੀ ਕਰਨਾਟਕ, ਕੋਂਕਣ ਗੋਆ ਤੇ ਗੁਜਰਾਤ ਖੇਤਰ ਵਿੱਚ ਹਲਕੇ ਤੋਂ ਦਰਮਿਆਨੀ ਬਾਰਸ਼ ਜਾਰੀ ਰਹਿਣ ਦੀ ਉਮੀਦ ਹੈ।


ਉੱਤਰ-ਪੂਰਬੀ ਭਾਰਤ, ਕੇਰਲ, ਅੰਦਰੂਨੀ ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ, ਮੁਜ਼ੱਫਰਾਬਾਦ, ਗਿਲਗਿਤ-ਬਾਲਟਿਸਤਾਨ ਤੇ ਉਤਰਾਖੰਡ ਵਿੱਚ ਹਲਕੇ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਅੱਜ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।




ਮੌਸਮ ਵਿਭਾਗ ਅਨੁਸਾਰ ਮੌਨਸੂਨ ਅਗਲੇ 24 ਘੰਟਿਆਂ ਵਿੱਚ ਦੱਖਣੀ ਗੁਜਰਾਤ ਪਹੁੰਚ ਜਾਵੇਗਾ। ਪਰ ਮਾਨਸੂਨ ਦੇ ਆਉਣ ਤੋਂ ਪਹਿਲਾਂ ਹੀ ਗੁਜਰਾਤ ‘ਚ ਬਾਰਸ਼ ਸ਼ੁਰੂ ਹੋ ਗਈ ਹੈ। ਭਾਰੀ ਬਾਰਸ਼ ਤੋਂ ਬਾਅਦ ਅਹਿਮਦਾਬਾਦ ਸਣੇ ਕਈ ਇਲਾਕਿਆਂ ‘ਚ ਸੜਕਾਂ ਭਰ ਗਈਆਂ ਹਨ। ਗੁਜਰਾਤ ਦੇ 6 ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਇਸ ਬਾਰਸ਼ ਕਾਰਨ ਕਈ ਇਲਾਕਿਆਂ ‘ਚ ਦਰੱਖਤ ਅਤੇ ਹੋਰਡਿੰਗਜ਼ ਡਿੱਗਣ ਦੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਹਨ।




ਦੱਖਣ-ਪੱਛਮੀ ਖੇਤਰ ਵਿੱਚ ਐਤਵਾਰ ਤੋਂ ਚੰਗਾ ਬਰਸਾਤੀ ਮੌਸਮ ਸ਼ੁਰੂ ਹੋਵੇਗਾ। ਵਿਭਾਗ ਦੇ ਅਨੁਸਾਰ ਪੂਰਬੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਐਤਵਾਰ ਨੂੰ ਬੱਦਲ ਛਾਏ ਰਹਿਣ ਦੇ ਨਾਲ ਬਾਰਸ਼ ਹੋਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਤੂਫਾਨ ਦੇ ਨਾਲ ਬਾਰਿਸ਼ ਵੀ ਹੋ ਸਕਦੀ ਹੈ। ਤਾਪਮਾਨ ‘ਚ ਕੁਝ ਕਮੀ ਆਈ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਦੇ ਆਸ ਪਾਸ ਰਹਿਣ ਦੀ ਉਮੀਦ ਹੈ।