ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਦੀ ਵੈਕਸੀਨ ਬਣਾਉਣ ਵਾਲਾ ਪੁਣੇ ਦਾ ਸੀਰਮ ਇੰਸਟੀਚਿਊਟ ਹੁਣ ਹਾਈਡ੍ਰੋਜਨ ਨਾਲ ਚੱਲਣ ਵਾਲੇ ਵਾਹਨ ਵੀ ਬਣਾਏਗਾ। ਇਹ ਵਾਹਨ ਕੈਨੇਡੀਅਨ ਊਰਜਾ ਫ਼ਰਮ ‘ਹਾਈਡ੍ਰੋਜਨ ਇਨ ਮੋਸ਼ਨ’ ਨਾਲ ਮਿਲ ਕੇ ਬਣਾਏ ਜਾਣਗੇ। ਦਰਅਸਲ, ਅਦਾਰ ਪੂਨਾਵਾਲਾ ਦਾ ‘ਸੀਰਮ ਇੰਸਟੀਚਿਊਟ ਆਫ਼ ਇੰਡੀਆ’ (SII) ਪੁਣੇ ਦੀ ਹੀ ਕਲੀਨ-ਟੈੱਕ ਸਟਾਰਟ-ਅਪ ‘h2e ਪਾਵਰ ਸਿਸਟਮਜ਼’ ਨਾਲ ਭਾਈਵਾਲ ਹੈ। ਇਹ ਸਾਰੇ ਮਿਲ ਕੇ ਕੈਨੇਡੀਅਨ ਫ਼ਰਮ ਦੇ ਤਾਲਮੇਲ ਨਾਲ ਭਾਰਤ ’ਚ ਪਹਿਲਾ ਹਾਈਡ੍ਰੋਜਨ-ਚਾਲਿਤ ਤਿਪਹੀਆ ਵਾਹਨ ਬਣਾਉਣਗੇ।

 

‘h2e ਪਾਵਰ ਸਿਸਟਮਜ਼’ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਈਡ੍ਰੋਜਨ ਨਾਲ ਚੱਲਣ ਵਾਲੇ ਵਾਹਨ ਸਸਤੀ ਤਕਨਾਲੋਜੀ ਨਾਲ ਬਣਗੇ ਤੇ ਘੱਟ-ਦਬਾਅ ਵਾਲੇ ਹਾਈਡ੍ਰੋਜਨ ਸਿਲੰਡਰ ਨਾਲ ਚੱਲਣਗੇ। ਇੱਕ ਤੋਂ ਦੂਜੇ ਸ਼ਹਿਰ ਜਾਣ ਤੇ ਮਾਲ-ਵਾਹਕ ਵਾਹਨਾਂ ਲਈ ਇਹ ਤਕਨਾਲੋਜੀ ਬਹੁਤ ਲਾਹੇਵੰਦ ਸਿੱਧ ਹੋਵੇਗੀ। ਦੱਸ ਦੇਈਏ ਕਿ ਪਿਛਲੇ ਵਰ੍ਹੇ ਭਾਰਤ ’ਚ ਹਾਈਡ੍ਰੋਜਨ ਨਾਲ ਚੱਲਣ ਵਾਲੀ ਕਾਰ ਦਾ ਸਫ਼ਲ ਪ੍ਰੀਖਣ ਕੀਤਾ ਜਾ ਚੁੱਕਾ ਹੈ ਪਰ ਹਾਲੇ ਅਜਿਹੇ ਵਾਹਨਾਂ ਦਾ ਉਤਪਾਦਨ ਦੇਸ਼ ’ਚ ਸ਼ੁਰੂ ਨਹੀਂ ਹੋ ਸਕਿਆ।

 

ਪੁਣੇ ਦਾ ਸੀਰਮ ਇੰਸਟੀਚਿਊਟ ਅਤੇ h2e ਪਾਵਰ ਸਿਸਟਮ ਦੋਵੇਂ ਕੈਨੇਡੀਅਨ ਟੈਕਨੋਲੋਜੀ ਨਾਲ ਹਾਈਡ੍ਰੋਜਨ ਪਾਵਰਡ ਵਾਹਨ ਤਿਆਰ ਕਰਨਗੇ। ‘ਨਿਊ ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਇਨ੍ਹਾਂ ਵਾਹਨਾਂ ਵਿੱਚ ਕਾਰਬਨ ਦੀ ਕੋਈ ਨਿਕਾਸੀ ਨਹੀਂ ਹੋਵੇਗੀ ਤੇ ਇਹ ਵਾਹਨ ਹੋਰਨਾਂ ਤਕਨਾਲੋਜੀਆਂ ਨਾਲ ਤਿਆਰ ਹੋਣ ਵਾਲੇ ਅਜਿਹੇ ਵਾਹਨਾਂ ਦੇ ਮੁਕਾਬਲੇ ਕੁਝ ਸਸਤੇ ਵੀ ਹੋਣਗੇ।

 

ਇਸ ਪ੍ਰੋਜੈਕਟ ਵਿੱਚ ਕੇਂਦਰ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਤੇ ‘ਕਨਫ਼ੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ’ (CII) ਦੀ ਸਾਂਝੀ ਪਹਿਲਕਦਮੀ ‘GITA’ ਨੇ ਵੀ ਅੰਸ਼ਕ ਤੌਰ ਉੱਤੇ ਆਪਣਾ ਧਨ ਨਿਵੇਸ਼ ਕੀਤਾ ਹੈ। ਇੰਝ ਹੁਣ ਵਾਹਨਾਂ ਦੇ ਮਾਮਲੇ ਵਿੱਚ ਇਨਕਲਾਬ ਆਉਣ ਵਾਲਾ ਹੈ। ਹੁਣ ਵਾਹਨ ਜਾਂ ਤਾਂ ਬੈਟਰੀਆਂ ਨਾਲ ਚੱਲਿਆ ਕਰਨਗੇ ਤੇ ਜਾਂ ਹਾਈਡ੍ਰੋਜਨ ਨਾਲ।

 

h2e ਪਾਵਰ ਸਿਸਟਮਜ਼ ਦੇ ਬਾਨੀ ਤੇ ਮੈਨੇਜਿੰਗ ਡਾਇਰੈਕਟਰ ਸਿਧਾਰਥ ਆਰ ਮਿਯੂਰ ਨੇ ਦੱਸਿਆ ਕਿ ਉਹ ਪਹਿਲਾਂ ਹੀ ਆਪਣੇ ਇਲੈਕਟ੍ਰੋਲਾਈਜ਼ਰਜ਼ ਤੋਂ ਗ੍ਰੀਨ ਹਾਈਡ੍ਰੋਜਨ ਪੈਦਾ ਕਰ ਰਹੇ ਹਨ ਤੇ ਹੁਣ ਤਿਪਹੀਆ ਵਾਹਨ ਵਿਕਸਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ GITA ਨੇ ਹੁਣ ਭਾਰਤ ਵਿੱਚ ਕਾਰਬਨ ਦੀ ਜ਼ੀਰੋ ਨਿਕਾਸੀ ਵਾਲੇ ਵਾਹਨ ਤਿਆਰ ਕਰਨ ਵਿੱਚ ਪੂਰੀ ਮਦਦ ਦੇਣ ਦਾ ਵਾਅਦਾ ਕੀਤਾ ਹੈ।