ਪਟਿਆਲਾ: ਅੱਜ ਸ਼ਹਿਰ ਵਿੱਚ ਬੀਜੇਪੀ ਲੀਡਰ ਗੁਰਤੇਜ ਢਿੱਲੋਂ ਦਾ ਕਿਸਾਨ ਜਥੇਬੰਦੀਆਂ ਨੇ ਜ਼ਬਰਦਸਤ ਵਿਰੋਧ ਕੀਤਾ। ਗੁਰਤੇਜ ਢਿੱਲੋਂ ਇੰਨੇ ਕਸੂਤੇ ਘਿਰੇ ਗਏ ਕਿ ਉਨ੍ਹਾਂ ਨੂੰ ਭੱਜ ਕੇ ਆਪਣੀ ਗੱਡੀ ਵਿੱਚ ਸਵਾਰ ਹੋਣ ਲਈ ਮਜਬੂਰ ਹੋਣਾ ਪਿਆ। ਕਿਸਾਨਾਂ ਨੇ ਇਸ ਮੌਕੇ ਬੀਜੇਪੀ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।

 

ਦਰਅਸਲ ਅੱਜ ਕਿਸਾਨਾਂ ਨੂੰ ਸੂਹ ਮਿਲੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਪਟਿਆਲਾ ਵਿੱਚ ਮੀਟਿੰਗ ਕਰਨ ਪੁੱਜ ਰਹੇ ਹਨ। ਇਸ ਦੇ ਚੱਲਦਿਆਂ ਵੱਡੀ ਗਿਣਤੀ ਕਿਸਾਨ ਬੱਸ ਸਟੈਂਡ ਨਜ਼ਦੀਕ ਦੁਰਗਾ ਦਾਸ ਮੰਦਰ ਦੇ ਬਾਹਰ ਪੁੱਜ ਗਏ। ਵਿਰੋਧ ਕਰਕੇ ਹਰਜੀਤ ਗਰੇਵਾਲ ਮੀਟਿੰਗ ਵਾਲੇ ਸਥਾਨ 'ਤੇ ਨਹੀਂ ਪੁੱਜੇ।

 

ਦੂਜੇ ਪਾਸੇ ਬੀਜੇਪੀ ਦੇ ਸਥਾਨਕ ਲੀਡਰਾਂ ਵੱਲੋਂ ਮੀਟਿੰਗ ਜਾਰੀ ਰੱਖੀ ਗਈ। ਇਸ ਤੋਂ ਕਿਸਾਨਾਂ ਦਾ ਗੁੱਸਾ ਭੜਕ ਗਿਆ। ਕਿਸਾਨਾਂ ਨੇ ਬੀਜੇਪੀ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਹਾਲਾਤ ਉਸ ਵੇਲੇ ਤਣਾਓ ਪੂਰਨ ਹੋ ਗਏ ਜਦੋਂ ਮੀਟਿੰਗ ਵਿੱਚ ਕੁਝ ਵਰਕਰ ਲਲਕਾਰੇ ਮਾਰਦੇ ਹੋਏ ਬਾਹਰ ਆ ਗਏ।

 

ਇਸ ਦੇ ਚੱਲਦਿਆਂ ਕਿਸਾਨ ਕਾਰਕੁਨ ਤੇ ਲੀਡਰ ਵੀ ਭੜਕ ਉੱਠੇ ਤੇ ਜ਼ੋਰਦਾਰ ਨਾਅਰੇ ਲੱਗਣੇ ਸ਼ੁਰੂ ਹੋ ਗਏ। ਪੁਲਿਸ ਨੇ ਬੜੀ ਮੁਸ਼ੱਕਤ ਨਾਲ ਮਾਹੌਲ ਸ਼ਾਂਤ ਕੀਤਾ। ਕਿਸਾਨ ਇੰਨੇ ਗੁੱਸੇ ਵਿੱਚ ਸੀ ਕਿ ਬੀਜੇਪੀ ਲੀਡਰ ਗੁਰਤੇਜ ਢਿੱਲੋਂ ਨੇ ਭੱਜ ਕੇ ਜਾਨ ਬਚਾਈ। ਉਹ ਦੌੜ ਕੇ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਚਲੇ ਗਏ।