ਚੇਨਈ: ਤਾਮਿਲਨਾਡੂ ਦੇ ਸਲੇਮ 'ਚ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੀ ਮਮਤਾ ਬੈਨਰਜੀ ਨਾਂ ਦੀ ਲੜਕੀ ਨੇ ਸੋਸ਼ਲਿਜ਼ਮ ਨਾਮ ਦੇ ਲੜਕੇ ਨਾਲ ਵਿਆਹ ਕਰਵਾਇਆ ਹੈ। ਵਿਆਹ ਦੇ ਮੌਕੇ, ਕਮਿਊਨਿਜ਼ਮ, ਲੈਨਿਨਿਜ਼ਮ ਤੇ ਮਾਰਕਸਿਜ਼ਮ ਬਰਾਤੀ ਦੇ ਰੂਪ ਵਿੱਚ ਮੌਜੂਦ ਸਨ। ਸੁਣਨ 'ਚ ਭਾਵੇਂ ਇਹ ਰਾਜਨੀਤਕ ਚੁਟਕਲੇ ਵਰਗਾ ਲੱਗ ਸਕਦਾ ਹੈ, ਪਰ ਅਸਲ ਵਿੱਚ ਅਜਿਹਾ ਵਿਆਹ ਹੋਇਆ ਹੈ।


 


29 ਸਾਲਾ ਲਾੜੇ ਕੋਲ ਬੀਕਾਮ ਦੀ ਡਿਗਰੀ ਹੈ ਤੇ ਸਿਲਵਰ ਐਂਕਲਿਟ ਦਾ ਕਾਰੋਬਾਰ ਚਲਾਉਂਦਾ ਹੈ। ਲਾੜੇ ਦਾ ਪਿਤਾ ਮੋਹਨ, ਸਲੇਮ ਵਿੱਚ ਸੀਪੀਆਈ ਪਾਰਟੀ ਦਾ ਜ਼ਿਲ੍ਹਾ ਸਕੱਤਰ ਹੈ। ਉਸ ਨੇ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਆਪਣੇ ਪੁੱਤਰ ਦਾ ਨਾਮ ਸੋਸ਼ਲਿਜ਼ਮ ਰੱਖਿਆ।


 


ਲਾੜੇ ਦੇ ਦੋ ਹੋਰ ਭਰਾ ਹਨ ਜਿਨ੍ਹਾਂ ਦੇ ਨਾਮ ਕਮਿਊਨਿਜ਼ਮ ਤੇ ਲੈਨਿਨਿਜ਼ਮ ਹੈ। ਲਾੜੇ ਦੇ ਪਿਤਾ ਮੋਹਨ ਨੇ ਦੱਸਿਆ ਕਿ ਉਨ੍ਹਾਂ ਆਪਣੇ ਵਿਆਹ ਤੋਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਅਜਿਹੇ ਨਾਮ ਦੇਣ ਬਾਰੇ ਸੋਚਿਆ ਸੀ।


 


ਜਾਣਕਾਰੀ ਅਨੁਸਾਰ ਦੋਵਾਂ ਨੇ ਇਕ ਬਹੁਤ ਹੀ ਸਾਦੇ ਸਮਾਰੋਹ ਦੌਰਾਨ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਦੋਵੇਂ ਪਰਿਵਾਰ ਖੁਸ਼ ਹਨ ਤੇ ਲਾੜੇ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਰਾਜਨੀਤਿਕ ਵਿਰੋਧੀਆਂ ਨਾਲ ਜੁੜੇ ਹੋਏ ਹਨ ਪਰ ਇਸ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਕੋਈ ਅਸਰ ਨਹੀਂ ਪਵੇਗਾ। ਲਾੜੇ ਤੇ ਲਾੜੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਜ਼ਾਰਾਂ ਅਣਪਛਾਤੇ ਲੋਕਾਂ ਦੇ ਵਧਾਈ ਸੰਦੇਸ਼ ਮਿਲੇ ਹਨ। ਦੋਵੇਂ ਇਸ ਵਿਆਹ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ।