ਨਵੀਂ ਦਿੱਲੀ: ਦੋ ਦਿਨਾਂ ਦੀ ਰਾਹਤ ਤੋਂ ਬਾਅਦ ਇਕ ਵਾਰ ਫਿਰ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 50,040 ਨਵੇਂ ਕੋਰੋਨਾ ਕੇਸ ਆਏ ਤੇ 1,258 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਉਸੇ ਸਮੇਂ, ਦੇਸ਼ ਵਿਚ ਰੀਕਵਰੀ ਭਾਵ ਮਰੀਜ਼ਾਂ ਦੀ ਸਿਹਤਯਾਬੀ ਦਰ ਵਧ ਕੇ 96.75% ਹੋ ਗਈ ਹੈ। ਦੇਸ਼ ਵਿੱਚ ਇਸ ਵੇਲੇ 5,86,403 ਐਕਟਿਵ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲਾਂ ਜਾਂ ਘਰਾਂ ਵਿੱਚ ਕੀਤਾ ਜਾ ਰਿਹਾ ਹੈ।


 

ਦੱਸ ਦੇਈਏ ਕਿ ਸਨਿੱਚਰਵਾਰ ਨੂੰ 48,698 ਨਵੇਂ ਕੋਰੋਨਾ ਮਾਮਲੇ ਆਏ ਤੇ 1,183 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਸ ਤੋਂ ਪਹਿਲਾਂ 21 ਜੂਨ ਨੂੰ 42,640 ਮਾਮਲੇ ਆਏ ਸਨ। ਬੀਤੇ ਇੱਕੋ ਦਿਨ ’ਚ 64 ਲੱਖ 25 ਹਜ਼ਾਰ ਟੀਕੇ ਲਵਾਏ ਗਏ ਸਨ। ਇਸ ਦੇ ਨਾਲ ਹੀ ਹੁਣ ਤੱਕ 32 ਕਰੋੜ 17 ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ।

 

ਕੋਰੋਨਾ ਦੀ ਲਾਗ ਦੀ ਤਾਜ਼ਾ ਸਥਿਤੀ-
ਕੁਲ ਕੋਰੋਨਾ ਕੇਸ-    ਤਿੰਨ ਕਰੋੜ 2 ਲੱਖ 33 ਹਜ਼ਾਰ 183
ਕੁੱਲ ਡਿਸਚਾਰਜ-    ਦੋ ਕਰੋੜ 95 ਲੱਖ 51 ਹਜ਼ਾਰ 029
ਕੁੱਲ ਐਕਟਿਵ ਕੇਸ -  5 ਲੱਖ 68 ਹਜ਼ਾਰ 403
ਕੁੱਲ ਮੌਤਾਂ-             3 ਲੱਖ 95 ਹਜ਼ਾਰ 751

 
ਮਹਾਰਾਸ਼ਟਰ ਵਿੱਚ ਕੋਵਿਡ-19 ਦੇ 9,812 ਨਵੇਂ ਕੇਸ, 179 ਮੌਤਾਂ
ਸਨਿੱਚਰਵਾਰ ਨੂੰ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ 9,812 ਨਵੇਂ ਕੇਸ ਸਾਹਮਣੇ ਆਏ ਤੇ ਮਹਾਮਾਰੀ ਦੀ ਛੂਤ ਕਾਰਨ 179 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ, ਜਿਸ ਨਾਲ ਰਾਜ ਵਿਚ ਹੁਣ ਤੱਕ ਲਾਗਗ੍ਰਸਤ ਵਿਅਕਤੀਆਂ ਦੀ ਕੁਲ ਗਿਣਤੀ 60,26,847 ਹੋ ਗਈ ਹੈ ਅਤੇ ਮੌਤ ਦੀ ਗਿਣਤੀ 1,20,881 ਹੋ ਗਈ ਹੈ।

ਮੌਤ ਦੇ 179 ਨਵੇਂ ਮਾਮਲਿਆਂ ਵਿਚੋਂ 106 ਮਾਮਲੇ ਪਿਛਲੇ 48 ਘੰਟਿਆਂ ਵਿਚ ਹਨ ਅਤੇ ਪਿਛਲੇ ਹਫ਼ਤੇ 73 ਕੇਸ ਸਾਹਮਣੇ ਆਏ ਹਨ। ਇਕ ਦਿਨ ਵਿਚ 8,752 ਲੋਕਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਮਿਲਣ ਤੋਂ ਬਾਅਦ ਹੁਣ ਤਕ ਰਾਜ ਵਿਚ 57,81,551 ਲੋਕ ਛੂਤ ਤੋਂ ਮੁਕਤ ਹੋ ਚੁੱਕੇ ਹਨ। ਇਸ ਸਮੇਂ ਰਾਜ ਵਿੱਚ ਲਾਗ ਤੋਂ ਮੁਕਤ ਦੀ ਦਰ 95.93 ਪ੍ਰਤੀਸ਼ਤ ਹੈ ਅਤੇ ਲਾਗ ਕਾਰਨ ਮੌਤ ਦੀ ਦਰ ਦੋ ਪ੍ਰਤੀਸ਼ਤ ਹੈ।