ਨਵੀਂ ਦਿੱਲੀ: ਨੋਟਬੰਦੀ ਦਾ ਅੱਜ 16ਵਾਂ ਦਿਨ ਹੈ। ਅੱਜ ਹੀ ਪੁਰਾਣੇ 500 ਤੇ 1000 ਦੇ ਨੋਟ ਚਲਾਉਣ ਲਈ ਕਈ ਥਾਵਾਂ 'ਤੇ ਦਿੱਤੀ ਛੂਟ ਦਾ ਵੀ ਆਖਰੀ ਦਿਨ ਹੈ। ਪਰ ਸਰਕਾਰ ਦੇ ਸੂਤਰਾਂ ਤੋਂ ਮਿਲੀ ਖਬਰ ਮੁਤਾਬਕ ਪੁਰਾਣੇ ਨੋਟ ਚਲਾਉਣ ਦੀ ਮਿਆਦ ਵਧਾਈ ਜਾ ਸਕਦੀ ਹੈ। ਇਸ ਬਾਰੇ ਅੱਜ ਸ਼ਾਮ ਜਾਂ ਦੇਰ ਰਾਤ ਤੱਕ ਫੈਸਲਾ ਆ ਸਕਦਾ ਹੈ।

ਸਰਕਾਰ ਵੱਲੋਂ ਸਰਕਾਰੀ ਹਸਪਤਾਲ, ਰੇਲ ਟਿਕਟ, ਹਵਾਈ ਟਿਕਟ, ਬੱਸ ਟਿਕਟ, ਦੁੱਧ ਬੂਥ, ਪੈਟਰੋਲ ਪੰਪ ਤੇ ਹੋਰ ਕੁੱਝ ਥਾਵਾਂ ‘ਤੇ ਪੁਰਾਣੇ ਨੋਟ ਚੱਲਣ ਦੀ ਦਿੱਤੀ ਛੂਟ ਦਾ ਆਖਰੀ ਦਿਨ ਹੈ। ਅੱਜ ਰਾਤ 12 ਵਜੇ ਤੋਂ ਬਾਅਦ ਤੁਸੀਂ ਕਿਸੇ ਵੀ ਪੁਰਾਣਾ ਨੋਟ ਨਹੀਂ ਚਲਾ ਸਕੋਗੇ।
ਸਰਕਾਰ ਨੇ ਇਸ ਬਾਰੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਇਹ ਛੂਟ 24 ਨਵੰਬਰ ਤੱਕ ਹੈ। ਕੱਲ੍ਹ ਤੋਂ ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ਵੀ ਵਸੂਲਿਆ ਜਾਣ ਲੱਗੇਗਾ। ਸਰਕਾਰ ਨੇ ਨੋਟਬੰਦੀ ਤੋਂ ਬਾਅਦ ਐਲਾਨ ਕੀਤਾ ਸੀ ਕਿ ਦੇਸ਼ ਦੇ ਸਾਰੇ ਟੋਲ ਕੁੱਝ ਦਿਨਾਂ ਲਈ ਨਹੀਂ ਲਏ ਜਾਣਗੇ। ਇਸ ਤੋਂ ਬਾਅਦ ਪਿਛਲੇ 17 ਦਿਨਾਂ ਤੋਂ ਦੇਸ਼ ਦੀਆਂ ਸੜਕਾਂ ‘ਤੇ ਟੋਲ ਦੀ ਵਸੂਲੀ ਬੰਦ ਕਰ ਦਿੱਤੀ ਗਈ ਸੀ।