ਨਵੀਂ ਦਿੱਲੀ: ਭਾਰਤ ਦੇ ਇਤਿਹਾਸ ਵਿੱਚ ਅੱਜ ਯਾਨੀ 11 ਮਈ ਦਾ ਦਿਨ ਖਾਸਾ ਮਹੱਤਵ ਰੱਖਦਾ ਹੈ। 20 ਸਾਲ ਪਹਿਲਾਂ ਅੱਜ ਦੇ ਹੀ ਦਿਨ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਮਿਹਨਤ ਸਦਕਾ ਭਾਰਤ ਪ੍ਰਮਾਣੂੰ ਸ਼ਕਤੀ ਬਣਨ ਦੇ ਸਮਰੱਥ ਹੋ ਗਿਆ ਸੀ। ਆਓ ਤੁਹਾਨੂੰ ਸਮੇਂ ਦੇ ਉਲਟੇ ਗੇੜ ਰਾਹੀਂ ਸਮਝਾਉਂਦੇ ਹਾਂ ਕਿ ਆਖ਼ਰ ਭਾਰਤ ਨੂੰ ਕਿੰਝ ਨਿਊਕਲੀਅਰ ਹਥਿਆਰ ਅਪਣਾਉਣ ਦੀ ਲੋੜ ਪਈ ਸੀ ਤੇ ਕਿਵੇਂ ਭਾਰਤ ਪ੍ਰਮਾਣੂੰ ਸ਼ਕਤੀ ਬਣ ਨਿੱਕਲਿਆ।

 

ਜਦ ਪਹਿਲੀ ਵਾਰ ਪ੍ਰਮਾਣੂੰ ਹਥਿਆਰ ਹੋਣ ਦਾ ਅਹਿਸਾਸ ਹੋਇਆ

ਭਾਰਤ ਨੂੰ ਚੀਨ ਨਾਲ ਸੰਨ 1962 ਦੀ ਜੰਗ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਤੋਂ ਬਾਅਦ 1964 ਵਿੱਚ ਚੀਨ ਦੇ ਸਫਲ ਪ੍ਰਮਾਣੂੰ ਪ੍ਰੀਖਣ ਕਰਨ ਤੋਂ ਬਾਅਦ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਸੰਸਦ ਵਿੱਚ ਬਿਆਨ ਦਿੱਤਾ ਸੀ ਕਿ ਬੰਬ ਦਾ ਜਵਾਬ ਬੰਬ ਹੀ ਹੋਣਾ ਚਾਹੀਦਾ ਹੈ। ਹਾਲਾਂਕਿ, ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਪ੍ਰਮਾਣੂੰ ਬੰਬ ਦੇ ਸੁਫਨੇ ਵੇਖਦੇ ਰਹੇ ਤੇ ਨਹਿਰੂ ਦੀ ਧੀ ਇੰਦਰਾ ਨੇ ਪਾਕਿਸਤਾਨ ਤੇ ਚੀਨ ਤੋਂ ਵਧਦੇ ਖ਼ਤਰਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਊਕਲੀਅਰ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਸਨ।



ਭਾਰਤ 'ਚ ਕਦੋਂ ਹੋਇਆ ਸੀ ਪਹਿਲਾ ਪ੍ਰਮਾਣੂੰ ਪ੍ਰੀਖਣ

ਭਾਰਤ ਨੇ ਪਹਿਲਾ ਪ੍ਰਮਾਣੂੰ ਪ੍ਰੀਖਣ 1974 ਵਿੱਚ ਹੀ ਕਰ ਲਿਆ ਸੀ ਤੇ ਉਦੋਂ ਭਾਰਤ ਆਪਣੇ ਦਮ 'ਤੇ ਨਿਊਕਲੀਅਰ ਬੰਬ ਦਾ ਧਮਾਕਾ ਆਪਣੇ ਦਮ 'ਤੇ ਕੀਤਾ ਹੋਵੇ। ਇਸ ਤੋਂ ਬਾਅਦ ਅਮਰੀਕਾ ਸਮੇਤ ਪੂਰੀ ਦੁਨੀਆ ਦੇ ਦਬਾਅ ਦੇ ਬਾਵਜੂਦ ਭਾਰਤ ਨੇ ਆਪਣੇ ਪ੍ਰਮਾਣੂੰ ਪ੍ਰੀਖਣ ਨੂੰ ਜਾਰੀ ਰੱਖਿਆ।

ਭਾਰਤ ਕਦੋਂ ਬਣਿਆ ਪ੍ਰਮਾਣੂੰ ਸ਼ਕਤੀ

ਸਾਲ 1996 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਪ੍ਰਮਾਣੂੰ ਪ੍ਰੀਖਣ ਦੇ ਹੁਕਮ ਦਿੱਤੇ ਪਰ ਦੋ ਦਿਨਾਂ ਦੇ ਅੰਦਰ ਹੀ ਉਨ੍ਹਾਂ ਦੀ ਸਰਕਾਰ ਡਿੱਗ ਗਈ। 1998 ਵਿੱਚ ਜਦੋਂ ਵਾਜਪੇਈ ਮੁੜ ਪ੍ਰਧਾਨ ਮੰਤਰੀ ਬਣੇ ਤਾਂ ਇਸ ਕਾਰਜ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ।



ਅਮਰੀਕਾ ਤੋਂ ਇੰਝ ਰੱਖਿਆ ਓਹਲਾ

ਅਮਰੀਕੀ ਖੁਫੀਆ ਏਜੰਸੀ CIA ਦੇ ਭਾਰਤ ਵਿੱਚ ਜਾਰੀ ਪ੍ਰਮਾਣੂੰ ਪ੍ਰੋਗਰਾਮ ਬਾਰੇ ਖੁਲਾਸੇ ਤੋਂ ਬਾਅਦ ਭਾਰਤੀ ਵਿਗਿਆਨੀਆਂ ਨੇ ਪੋਖਰਣ ਵਿੱਚ ਰਾਤ ਸਮੇਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਜੋ ਸੈਟੇਲਾਈਟ ਦੀ ਪਹੁੰਚ ਤੋਂ ਦੂਰ ਰਿਹਾ ਜਾ ਸਕੇ। ਵਿਗਿਆਨੀ ਫ਼ੌਜੀਆਂ ਦੇ ਭੇਸ ਵਿੱਚ ਰਹਿ ਕੇ ਆਪਣਾ ਕੰਮ ਕਰਦੇ ਸਨ, ਇੱਥੋਂ ਤਕ ਕਿ ਪ੍ਰੌਜੈਕਟ 'ਤੇ ਕੰਮ ਕਰਨ ਵਾਲੇ ਸਾਰੇ ਵਿਗਿਆਨੀਆਂ ਨੂੰ ਵੀ ਕੋਡ ਨੇਮ ਦਿੱਤੇ ਗਏ ਸਨ। ਡਾ. ਕਲਾਮ ਮੇਜਰ ਜਨਰਲ ਪ੍ਰਿਥਵੀਰਾਜ ਬਣੇ ਹੋਏ ਸਨ।

ਕੀ ਹੋਇਆ ਸੀ 11 ਮਈ 1998 ਵਾਲੇ ਦਿਨ

ਪ੍ਰਮਾਣੂੰ ਪ੍ਰੀਖਣ ਦੀ ਪੂਰੀ ਤਿਆਰੀ ਹੋ ਗਈ ਸੀ, ਪਰ ਮੌਸਮ ਦਾ ਸਾਥ ਨਾ ਮਿਲਣ ਕਾਰਨ ਦੇਰੀ ਹੋ ਰਹੀ ਸੀ। ਫਿਰ 11 ਮਈ 1998 ਨੂੰ ਦੁਪਿਹਰ ਸਮੇਂ ਹਵਾਵਾਂ ਸ਼ਾਂਤ ਹੋ ਗਈਆਂ ਤੇ ਧਮਾਕੇ ਤੋਂ ਬਾਅਦ ਰੇਡੀਏਸ਼ਨ ਫੈਲਣ ਦਾ ਖ਼ਤਰਾ ਟਲ਼ ਗਿਆ ਤਾਂ ਪ੍ਰਮਾਣੂੰ ਬੰਬ ਦਾ ਸਫ਼ਲ ਪ੍ਰੀਖਣ ਕੀਤਾ ਗਿਆ। ਇਸ ਦਿਨ ਨਾ ਸਿਰਫ਼ ਪੂਰੀ ਦੁਨੀਆ ਨੇ ਭਾਰਤ ਦਾ ਲੋਹਾ ਮੰਨਿਆ ਬਲਕਿ, ਅਮਰੀਕੀ ਖੁਫੀਆ ਏਜੰਸੀ ਨੇ ਵੀ ਇਕਬਾਲ ਕੀਤਾ ਸੀ ਕਿ ਭਾਰਤ ਨੇ ਉਸ ਨੂੰ ਚਕਮਾ ਦੇ ਦਿੱਤਾ ਹੈ। ਇਸੇ ਲਈ ਡਾ. ਅਬਦੁਲ ਕਲਾਮ ਦੀ ਟੀਮ ਦੀ ਮਿਹਨਤ ਸਦਕਾ 11 ਮਈ ਨੂੰ ਕੌਮੀ ਤਕਨੀਕੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ