11 ਸਾਲਾ ਬੱਚੀ ਨਾਲ ਪਿਛਲੇ 7 ਮਹੀਨਿਆਂ ਤੋਂ 18 ਜਾਣੇ ਕਰਦੇ ਰਹੇ ਬਲਾਤਕਾਰ

ਚੇਨੱਈ: 11 ਸਾਲ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਖ਼ਬਰ ਹੈ। ਚੇਨੱਈ ਦੇ ਅਯਾਨਵਰਮ ਇਲਾਕੇ 'ਚ ਅਪਾਰਟਮੈਂਟ ਚ ਰਹਿਣ ਵਾਲੀ 11 ਸਾਲ ਦੀ ਬੱਚੀ ਨਾਲ 18 ਵਿਅਕਤੀ ਪਿਛਲੇ 7 ਮਹੀਨਿਆਂ ਤੋਂ ਬਲਾਤਕਾਰ ਕਰ ਰਹੇ ਸਨ। ਇਸ ਦੁਸ਼ਕਰਮ 'ਚ ਅਪਾਰਟਮੈਂਟ ਦਾ ਸਿਕਿਓਰਟੀ ਗਾਰਡ, ਲਿਫਟ ਆਪਰੇਟਰ, ਪਲੰਬਰ ਤੇ ਵਾਟਰ ਸਪਲਾਇਰ ਵੀ ਸ਼ਾਮਲ ਹਨ।
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਬੱਚੀ ਨੂੰ ਕੋਲਡ ਡਰਿੰਕ 'ਚ ਨਸ਼ੀਲੀਆਂ ਦਵਾਈਆਂ ਪਿਆ ਕੇ ਬੇਹੋਸ਼ ਹੋਣ 'ਤੇ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਸੀ। ਇਨ੍ਹਾਂ ਹੀ ਨਹੀਂ ਬੱਚੀ ਦਾ ਵੀਡੀਓ ਵੀ ਬਣਾਇਆ ਗਇਆ ਤਾਂ ਜੋ ਉਸ ਨੂੰ ਬਲੈਕਮੇਲ ਕੀਤਾ ਜਾ ਸਕੇ।
ਜਾਂਚ 'ਚ ਸ਼ਾਮਲ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਪੀੜਤ ਬੱਚੀ ਨੇ ਇਹ ਸਾਰੀ ਘਟਨਾ ਆਪਣੀ ਵੱਡੀ ਭੈਣ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਇਹ ਗੱਲ ਪਰਿਵਾਰ ਤੱਕ ਪਹੁੰਚੀ ਤੇ ਉਨ੍ਹਾਂ ਕੱਲ੍ਹ ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਕਈ ਵਿਅਕਤੀਆਂ ਨੇ ਵੱਖ-ਵੱਖ ਦਿਨਾਂ 'ਚ ਅਪਾਰਟਮੈਂਟ ਦੇ ਵੱਖ-ਵੱਖ ਥਾਵਾਂ 'ਤੇ ਬੱਚੀ ਨਾਲ ਬਲਾਤਕਾਰ ਕੀਤਾ। ਪੀੜਤਾ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ।






















