ਮੁੰਬਈ: ਕੋਰੋਨਾਵਾਇਰਸ ਮਹਾਮਾਰੀ ਨੂੰ ਕਾਬੂ ਕਰਨ ਲਈ ਲਾਏ ਗਏ ਲੌਕਡਾਊਨ ਨੇ ਸੈਂਕੜੇ ਲੋਕਾਂ ਦਾ ਰੋਜ਼ਗਾਹ ਖੋਹਿਆ ਹੈ। ਭਾਰਤ ਵਿੱਚ ਵੀ ਜਿੱਥੇ ਕਈ ਲੋਕਾਂ ਨੇ ਨੌਕਰੀ ਗੁਆਈ ਉਥੇ ਹੀ ਕਈ ਬੇਘਰ ਵੀ ਹੋਏ ਹਨ।ਇਸੇ ਦੌਰਾਨ ਇੱਕ 14 ਸਾਲਾ ਬੱਚੇ ਨੂੰ ਵੀ ਆਪਣੀ ਪੜਾਈ ਵਿੱਚੇ ਛੱਡ ਕੇ ਚਾਹ ਵੇਚਣਾ ਪੈ ਗਿਆ। ਦਰਅਸਲ, ਲੌਕਡਾਊਨ ਕਾਰਨ ਉਸਦੀ ਮਾਂ ਦੀ ਨੌਕਰੀ ਚੱਲੀ ਗਈ ਅਤੇ ਉਸਦੀਆਂ ਭੈਣਾਂ ਦੀ ਔਨਲਾਇਨ ਕਲਾਸਾਂ ਦੇ ਖਰਚੇ ਵੀ ਵੱਧ ਗਏ।ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਪੜਾਈ ਛੱਡ ਕੰਮ ਕਰੇਗਾ ਅਤੇ ਆਪਣੀਆਂ ਭੈਣਾਂ ਨੂੰ ਪੜਾਏਗਾ।

12 ਸਾਲ ਪਹਿਲਾਂ ਹੋ ਗਈ ਸੀ ਪਿਤਾ ਦੀ ਮੌਤ
ਮੁੰਬਈ ਦਾ ਵਸਨੀਕ ਸੁਭਾਨ ਭਾਂਡੀ ਬਾਜ਼ਾਰ ਖੇਤਰ ਵਿੱਚ ਇੱਕ ਚਾਹ ਦੀ ਦੁਕਾਨ 'ਤੇ ਕੰਮ ਕਰਦੇ ਦਿਖਾਈ ਦਿੰਦਾ ਹੈ। ਉਹ ਹੱਥਾਂ ਵਿੱਚ ਚਾਹ ਦਾ ਗਿਲਾਸ ਲੈ ਦੁਕਾਨਾਂ ਤੇ ਵੰਡਦਾ ਨਜ਼ਰ ਆਉਂਦਾ ਹੈ। ਉਸਨੂੰ ਜੋ ਵੀ ਪੈਸਾ ਮਿਲਦਾ ਹੈ, ਉਸ ਨਾਲ ਉਹ ਆਪਣੇ ਪਰਿਵਾਰ ਦੀ ਮਦਦ ਕਰਦਾ ਹੈ। ਉਸਨੇ ਦੱਸਿਆ ਕਿ ਉਸਦੇ ਪਿਤਾ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀਆਂ ਭੈਣਾਂ ਆਨਲਾਈਨ ਕਲਾਸਾਂ ਰਾਹੀਂ ਪੜ੍ਹਦੀਆਂ ਹਨ।ਜਦੋਂ ਉਹ ਸਕੂਲ ਮੁੜ ਖੋਲ੍ਹਣਗੇ ਤਾਂ ਉਹ ਵੀ ਆਪਣੀ ਪੜ੍ਹਾਈ ਸ਼ੁਰੂ ਕਰੇਗਾ।


ਉਸਨੇ ਦੱਸਿਆ ਕਿ ਉਸਦੀ ਮਾਂ ਬੱਸ ਕੰਡਕਟਰ ਦਾ ਕੰਮ ਕਰਦੀ ਸੀ।ਉਸਨੇ ਕਿਹਾ, "ਮੈਂ ਸਾਰਾ ਦਿਨ ਸਖ਼ਤ ਮਿਹਨਤ ਕਰਦਾ ਹਾਂ, ਤਾਂ ਮੈਨੂੰ 300-400 ਰੁਪਏ ਮਿਲਦੇ ਹਨ, ਤੇ ਮੈਂ ਉਸ ਨਾਲ ਹੀ ਆਪਣਾ ਘਰ ਚਲਾਉਂਦਾ ਹਾਂ।" ਉਸਨੇ ਇਹ ਵੀ ਦੱਸਿਆ ਕਿ ਉਹ ਘਰ ਦੇ ਖਰਚੇ ਤੋਂ ਇਲਾਵਾ ਭਵਿੱਖ ਲਈ ਵੀ ਥੋੜ੍ਹੀ ਜਿਹੀ ਰਕਮ ਰੱਖਦਾ ਹੈ ਤਾਂ ਜੋ ਇਹ ਭਵਿੱਖ ਵਿੱਚ ਲਾਭਦਾਇਕ ਹੋ ਸਕੇ।

ਮਦਦ ਲਈ ਅੱਗੇ ਆਏ ਲੋਕ
ਸੁਭਾਨ ਦੀ ਕਹਾਣੀ ਸੁਣਨ ਤੋਂ ਬਾਅਦ, ਬਹੁਤ ਸਾਰੇ ਲੋਕ ਉਸਦੀ ਮਦਦ ਲਈ ਅੱਗੇ ਆਏ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਲੋਕ ਅਜਿਹੀਆਂ ਕਹਾਣੀਆਂ ਸੁਣਾ ਕੇ ਮਦਦ ਲਈ ਅੱਗੇ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਵਿੱਚ ਲੋਕਾਂ ਨੇ ‘ਬਾਬਾ ਕਾ ਢਾਬਾ’ ਸੰਚਾਲਕ ਦੀ ਕਹਾਣੀ ਸੁਣ ਕੇ ਉਨ੍ਹਾਂ ਦੀ ਮਦਦ ਕੀਤੀ ਸੀ।