15 Year Old Govt Vehicles Policy: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ, ਮਹਾਰਾਸ਼ਟਰ ਵਿੱਚ ਸਾਲਾਨਾ ਐਗਰੋ-ਵਿਜ਼ਨ ਖੇਤੀ ਪ੍ਰਦਰਸ਼ਨੀ ਦੇ ਉਦਘਾਟਨ ਸਮਾਰੋਹ ਦੌਰਾਨ ਕਿਹਾ ਕਿ ਭਾਰਤ ਸਰਕਾਰ (GOI) ਅਤੇ ਇਸ ਦੇ ਉੱਦਮ 15 ਸਾਲ ਪੁਰਾਣੇ ਵਾਹਨਾਂ (15 Year Old Vehicles) ਦੀ ਵਿਕਰੀ ਕਰਨਗੇ।
ਗਡਕਰੀ ਨੇ ਕਿਹਾ ਕਿ ਅਜਿਹੇ ਪੁਰਾਣੇ ਵਾਹਨ ਹੁਣ ਸੜਕ 'ਤੇ ਨਹੀਂ ਚੱਲਣਗੇ। ਉਨ੍ਹਾਂ ਦੱਸਿਆ ਕਿ 15 ਸਾਲ ਪੁਰਾਣੇ ਵਾਹਨਾਂ ਨੂੰ ਹਟਾਉਣ ਸਬੰਧੀ ਨੀਤੀ ਸਾਰੇ ਰਾਜਾਂ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਨੂੰ ਵੀ ਆਪਣੇ ਦਾਇਰੇ ਵਿੱਚ ਆਉਂਦੇ ਵਿਭਾਗਾਂ ਦੇ 15 ਸਾਲ ਪੁਰਾਣੇ ਵਾਹਨ ਬੰਦ ਕਰਨੇ ਚਾਹੀਦੇ ਹਨ।
ਫਾਈਲ 'ਤੇ ਦਸਤਖਤ ਕੀਤੇ
ਖਬਰਾਂ ਮੁਤਾਬਕ ਨਿਤਿਨ ਗਡਕਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਉਨ੍ਹਾਂ ਨੇ 15 ਸਾਲ ਪੁਰਾਣੇ ਵਾਹਨਾਂ ਨੂੰ ਸਰਕਾਰੀ ਵਿਭਾਗਾਂ ਤੋਂ ਹਟਾਉਣ ਦੀ ਫਾਈਲ 'ਤੇ ਦਸਤਖਤ ਵੀ ਕਰ ਦਿੱਤੇ ਹਨ। ਉਨ੍ਹਾਂ ਸਮਾਗਮ ਵਿੱਚ ਦੱਸਿਆ ਕਿ ਹਟਾਏ ਗਏ ਵਾਹਨਾਂ ਨੂੰ ਕਬਾੜ ਵਿੱਚ ਭੇਜਿਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਰਾਜਾਂ ਵੱਲੋਂ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਦੀ ਨੀਤੀ ਅਪਣਾਈ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਗਡਕਰੀ ਨੇ ਦੱਸਿਆ ਕਿ ਹਰਿਆਣਾ ਦੇ ਪਾਣੀਪਤ ਵਿੱਚ ਇੰਡੀਅਨ ਆਇਲ ਦੇ ਦੋ ਪਲਾਂਟ ਲਗਪਗ ਕੰਮ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਇੱਕ ਪਲਾਂਟ ਤੋਂ ਹਰ ਰੋਜ਼ ਇੱਕ ਲੱਖ ਲੀਟਰ ਈਥਾਨੌਲ ਤਿਆਰ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਦੱਸਿਆ ਕਿ ਯੂਪੀ, ਪੰਜਾਬ ਅਤੇ ਹਰਿਆਣਾ ਵਰਗੇ ਚੌਲ ਉਗਾਉਣ ਵਾਲੇ ਖੇਤਰਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਪ੍ਰਦੂਸ਼ਣ ਹੁੰਦਾ ਹੈ ਪਰ ਹੁਣ ਇਸ ਦੀ ਵਰਤੋਂ ਈਥਾਨੌਲ ਅਤੇ ਬਾਇਓ ਬਿਟੂਮਿਨ ਬਣਾਉਣ ਲਈ ਕੀਤੀ ਜਾ ਸਕਦੀ ਹੈ।
ਬਾਇਓ ਬਿਟੂਮਨ ਕੀ ਹੈ?
ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਦੇਸ਼ ਵਿੱਚ ਸੜਕੀ ਟਰਾਂਸਪੋਰਟ ਵਿਭਾਗ ਨੂੰ 80 ਲੱਖ ਟਨ ਬਾਇਓ-ਬਿਟਿਊਮਨ ਦੀ ਲੋੜ ਹੈ ਅਤੇ ਦੇਸ਼ ਵਿੱਚ 50 ਲੱਖ ਟਨ ਬਾਇਓ-ਬਿਟੂਮੀਨ ਬਣਦਾ ਹੈ, ਜਦੋਂ ਕਿ 25 ਲੱਖ ਟਨ ਬਾਇਓ-ਬਿਟੂਮੀਨ ਦੀ ਦਰਾਮਦ ਕਰਨੀ ਪੈਂਦੀ ਹੈ। ਜ਼ਿਕਰਯੋਗ ਹੈ ਕਿ ਬਾਇਓ ਬਿਟੂਮਿਨ ਕਾਲੇ ਰੰਗ ਦਾ ਇੱਕ ਚਿਪਚਿਪਾ ਪਦਾਰਥ ਹੈ, ਜਿਸਦੀ ਵਰਤੋਂ ਸੜਕ ਦੇ ਨਿਰਮਾਣ ਵਿੱਚ ਕੀਤੀ ਜਾਂਦੀ ਹੈ। ਇਸਨੂੰ ਆਮ ਤੌਰ 'ਤੇ ਬਿਟੂਮਨ ਕਿਹਾ ਜਾਂਦਾ ਹੈ। ਭਾਰਤ ਪਹਿਲੀ ਵਾਰ ਪਰਾਲੀ ਤੋਂ ਬਾਇਓ-ਬਿਟੂਮੀਨ ਬਣਾਉਣ ਦਾ ਤਜਰਬਾ ਕਰਨ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਅਜਿਹੇ ਪ੍ਰਾਜੈਕਟਾਂ ਨਾਲ ਦੇਸ਼ ਨੂੰ ਵਿਦੇਸ਼ਾਂ ਤੋਂ ਬਿਟੂਮੀਨ ਮੰਗਵਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਚੌਲਾਂ ਦਾ ਉਤਪਾਦਨ ਕਰਨ ਵਾਲੇ ਭਾਰਤੀ ਕਿਸਾਨ ਹੁਣ ਇਸ ਦੀ ਪਰਾਲੀ ਤੋਂ ਬਣੇ ਬਾਇਓ ਬਿਟੂਮੀਨ ਨਾਲ ਪਿੰਡਾਂ ਤੋਂ ਲੈ ਕੇ ਹਾਈਵੇ ਤੱਕ ਸੜਕਾਂ ਬਣਾਉਣਗੇ।