ਕੋਲਕਾਤਾ: ਪੱਛਮੀ ਬੰਗਾਲ ਸਰਕਾਰ ਨੇ ਕਿਸਾਨਾਂ ਲਈ ਨਵੀਂ ਪਹਿਲ ਕੀਤੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਕਿਸਾਨ ਦੀ ਮੌਤ ਹੋ ਜਾਣ ’ਤੇ ਸਰਕਾਰ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦੇਵੇਗੀ। ‘ਕ੍ਰਿਸ਼ੀ ਕ੍ਰਿਸ਼ਕ ਬੰਧੂ’ ਸਕੀਮ ਤਹਿਤ 18 ਤੋਂ 60 ਸਾਲ ਦੇ ਕਿਸੇ ਵੀ ਕਿਸਾਨ ਦੀ ਮੌਤ ਹੋਣ ’ਤੇ ਪੀੜਤ ਪਰਿਵਾਰ ਨੂੰ ਇਹ ਰਾਸ਼ੀ ਦਿੱਤੀ ਜਾਵੇਗੀ। ਇਹ ਸਕੀਮ ਪਹਿਲੀ ਜਨਵਰੀ ਤੋਂ ਲਾਗੂ ਹੋ ਗਈ ਹੈ। ਪੰਜਾਬ ਵਿੱਚ ਇਹ ਰਾਸ਼ੀ ਸਿਰਫ ਕਰਜ਼ ਕਾਰਨ ਹੋਈ ਮੌਤ ਲਈ ਦਿੱਤੀ ਜਾਂਦੀ ਹੈ।

ਮੁੱਖ ਮੰਤਰੀ ਬੈਨਰਜੀ ਨੇ ਕਿਹਾ, ‘ਸੂਬੇ ਵਿਚ ਕੁੱਲ 72 ਲੱਖ ਕਿਸਾਨ ਪਰਿਵਾਰ ਹਨ। ਅਸੀਂ ਉਨ੍ਹਾਂ ਨੂੰ ਦੁਖੀ ਨਹੀਂ ਵੇਖਣਾ ਚਾਹੁੰਦੇ। ਅਸੀਂ ਇੱਖ ਜਨਵਰੀ ਤੋਂ ਇਹ ਸਕੀਮ ਸ਼ੁਰੂ ਕਰਾਂਗੇ ਤੇ ਕਿਸਾਨ ਫਰਵਰੀ ਤੋਂ ਇਸ ਸਕੀਮ ਲਈ ਅਪਲਾਈ ਕਰ ਸਕਣਗੇ।’

ਉਨ੍ਹਾਂ ਦੱਸਿਆ ਕਿ ਇਸੇ ਸਕੀਮ ਅਧੀਨ ਪ੍ਰਤੀ ਏਕੜ ਇੱਕ ਫ਼ਸਲ ਉਗਾਉਣ ਲਈ ਕਿਸਾਨਾਂ ਨੂੰ ਸਾਲ ਵਿਚ ਦੋ ਵਾਰ 2500 ਰੁਪਏ ਵੀ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਸਰਕਾਰ ਵੱਲੋਂ ਕਿਸਾਨਾਂ ਲਈ ਕਰੋੜਾਂ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਰਾਸ਼ੀ ਖੇਤੀਬਾੜੀ ਵਿਭਾਗ ਨੂੰ ਬਜਟ ਅਧੀਨ ਮਿਲੀ ਰਾਸ਼ੀ ਵਿੱਚੋਂ ਖਰਚੀ ਜਾਵੇਗੀ।