ਨਵੀਂ ਦਿੱਲੀ: 17ਵੀਂ ਲੋਕ ਸਭਾ ਚੁਣਨ ਲਈ ਐਤਵਾਰ ਨੂੰ ਚੋਣ ਕਮਿਸ਼ਨ ਨੇ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। 11 ਅਪਰੈਲ ਤੋਂ ਸ਼ੁਰੂ ਹੋਣ ਵਾਲੀ ਵੋਟਿੰਗ 19 ਮਈ ਨੂੰ ਸੱਤ ਗੇੜਾਂ ਵਿੱਚ ਪੂਰੀ ਹੋਵੇਗੀ। ਇਨ੍ਹਾਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ। ਅਜਿਹੇ ਸਿਆਸੀ ਮਾਹੌਲ ਵਿੱਚ 'ਏਬੀਪੀ ਨਿਊਜ਼' ਨੇ 'ਸੀ-ਵੋਟਰ' ਨਾਲ ਰਲ ਕੇ ਦੇਸ਼ ਦੀ ਨਬਜ਼ ਟੋਹਣ ਦੀ ਕੋਸ਼ਿਸ਼ ਕੀਤੀ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਵੇਖਣ ਕੀਤਾ ਹੈ।

ਸਰਵੇਖਣ ਮੁਤਾਬਕ ਬੀਜੇਪੀ ਦੀ ਅਗਵਾਈ ਵਾਲੇ ਸੱਤਾਧਾਰੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐਨਡੀਏ) ਇਸ ਵਾਰ ਮੋਦੀ ਲਹਿਰ ਦਾ ਜਾਦੂ ਚਲਾਉਣ ਵਿੱਚ ਨਾਕਾਮ ਰਹਿੰਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ, ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਪ੍ਰੋਗ੍ਰੈਸਿਵ ਅਲਾਇੰਸ (ਯੂਪੀਏ) ਨੂੰ ਵੀ ਸਪੱਸ਼ਟ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ, ਪਰ ਪਿਛਲੀ ਵਾਰ ਦੇ ਮੁਕਾਬਲੇ ਪ੍ਰਦਰਸ਼ਨ ਸੁਧਰੇਗਾ।

ਸਰਵੇਖਣ ਵਿੱਚ ਜੋ ਵੱਡੀ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਇਸ ਵਾਰ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਖੇਤਰੀ ਪਾਰਟੀਆਂ ਬਹੁਤ ਵੱਡੀ ਭੂਮਿਕਾ ਅਦਾ ਕਰਨਗੀਆਂ। 'ਏਬੀਪੀ ਨਿਊਜ਼' ਤੇ ਸੀ-ਵੋਟਰ ਦੇ ਸਰਵੇਖਣ ਮੁਤਾਬਕ ਲੋਕ ਸਭਾ ਦੀਆਂ 543 ਸੀਟਾਂ ਵਿੱਚੋਂ ਐਨਡੀਏ ਨੂੰ 264 ਸੀਟਾਂ 'ਤੇ ਜਿੱਤ ਪ੍ਰਾਪਤ ਹੋ ਸਕਦੀ ਹੈ, ਜਦਕਿ ਯੂਪੀਏ 141 ਸੀਟਾਂ ਆਪਣੇ ਪਾਲੇ ਵਿੱਚ ਕਰਨ 'ਚ ਕਾਮਯਾਬ ਹੋ ਸਕਦਾ ਹੈ। ਹੋਰ ਸਿਆਸੀ ਦਲ 138 ਸੀਟਾਂ ਜਿੱਤ ਸਕਦੇ ਹਨ। ਕੋਈ ਵੀ ਦਲ ਜਾਂ ਗਠਜੋੜ ਬਹੁਮਤ ਪ੍ਰਾਪਤ ਕਰਨ ਦੇ ਅੰਕੜੇ ਯਾਨੀ 272 ਸੀਟਾਂ ਤੋਂ ਦੂਰ ਹੈ। ਅਜਿਹੇ ਵਿੱਚ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਆਜ਼ਾਦ ਜਾਂ ਖੇਤਰੀ ਪਾਰਟੀਆਂ 'ਤੇ ਹੀ ਟੇਕ ਰਹਿਣ ਵਾਲੀ ਹੈ।